2 ਅੌਰਤਾਂ ਸਮੇਤ 3 ਮੁਲਜ਼ਮ ਗ੍ਰਿਫਤਾਰ
Wednesday, Oct 31, 2018 - 04:21 AM (IST)
ਕਪੂਰਥਲਾ, (ਭੂਸ਼ਣ)- ਅਮਰੀਕਾ ’ਚ ਰਹਿੰਦੇ ਐੱਨ. ਆਰ. ਆਈ. ਦੀ ਜ਼ਮੀਨ ’ਤੇ ਬੀਜੇ ਲੱਖਾਂ ਰੁਪਏ ਮੁੱਲ ਦਾ ਝੋਨਾ ਕੱਟ ਕੇ ਚੋਰੀ ਕਰਨ ਅਤੇ ਜ਼ਮੀਨ ’ਤੇ ਕਬਜ਼ਾ ਕਰਨ ਤੇ ਟਰੈਕਟਰ ਨੂੰ ਸਾਡ਼ਨ ਦੀ ਕੋਸ਼ਿਸ਼ ਦੇ ਮਾਮਲੇ ’ਚ ਥਾਣਾ ਸੁਭਾਨਪੁਰ ਦੀ ਪੁਲਸ ਨੇ 14 ਮੁਲਜ਼ਮਾਂ ਦੇ ਖਿਲਾਫ ਧਾਰਾ 447, 379, 436, 511, 34, 506, 120 ਬੀ ਅਤੇ 341 ਦੇ ਤਹਿਤ ਮਾਮਲਾ ਦਰਜ ਕਰ ਕੇ 2 ਅੌਰਤਾਂ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਕੀਤਾ ਗਿਆ ਝੋਨਾ ਬਰਾਮਦ ਕਰ ਲਿਆ ਹੈ, ਜਦ ਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਹੈ।
ਸਵਰਣ ਸਿੰਘ ਪੁੱਤਰ ਵਧਾਵਾ ਸਿੰਘ ਵਾਸੀ ਪਿੰਡ ਨਡਾਲਾ ਥਾਣਾ ਸੁਭਾਨਪੁਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਰਿਟਾਇਰਡ ਸੁਪਰਿੰਟੈਂਡੈਂਟ ਹੈ ਅਤੇ ਉਸ ਦੇ ਰਿਸ਼ਤੇਦਾਰ ਬਚਨ ਸਿੰਘ ਅਤੇ ਮਨਜਿੰਦਰ ਸਿੰਘ ਵਾਸੀ ਨਡਾਲਾ ਜੋ ਕਿ ਅੱਜਕਲ ਅਮਰੀਕਾ ’ਚ ਰਹਿੰਦੇ ਹਨ ਕਿ ਪਿੰਡ ਬਿਲਪੁਰ ’ਚ 5 ਏਕਡ਼ ਜ਼ਮੀਨ ਹੈ, ਜੋ ਕਾਫ਼ੀ ਸਮੇਂ ਪਹਿਲਾਂ ਉਨ੍ਹਾਂ ਨੇ ਤਾਰਾ ਸਿੰਘ ਅਤੇ ਹਰਬੰਸ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਨਡਾਲਾ ਤੋਂ ਖਰੀਦੀ ਸੀ। ਇਸ ਜ਼ਮੀਨ ਦੀ ਪਾਵਰ ਆਫ ਆਟਰਨੀ ਉਸ ਦੇ ਨਾਂ ’ਤੇ ਹੈ ਅਤੇ ਉਹ ਬੀਤੇ 10 ਸਾਲਾਂ ਤੋਂ ਇਸ ਜ਼ਮੀਨ ’ਤੇ ਖੇਤੀ ਕਰਦਾ ਆ ਰਿਹਾ ਹੈ। ਤਾਰਾ ਸਿੰਘ ਦਾ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੀ ਸ਼ਹਿ ’ਤੇ ਇਸ ਜ਼ਮੀਨ ’ਤੇ ਕਬਜ਼ਾ ਕਰਨ ਦੀ ਆਡ਼ ਵਿਚ ਉਸ ਨਾਲ ਝਗਡ਼ਾ ਕਰਨ ਲੱਗਾ ਸੀ। ਇਸ ਦੌਰਾਨ ਉਸ ਦੀ 5 ਏਕਡ਼ ਝੋਨੇ ਦੀ ਫਸਲ ਤਿਆਰ ਸੀ ਜਿਸ ਨੂੰ 25 ਅਕਤੂਬਰ ਦੀ ਰਾਤ ਤਾਰਾ ਸਿੰਘ, ਉਸ ਦੀਆਂ ਬੇਟੀਆਂ ਬਿੰਦਰ ਕੌਰ, ਰਣਜੀਤ ਸਿੰਘ, ਸਵਰਣ ਕੌਰ ਆਦਿ ਨੇ ਲੱਕਡ਼ੀ ਦੇ ਵੱਡੇ-ਵੱਡੇ ਡੰਡਿਆਂ ’ਤੇ ਅੱਗ ਲਾ ਕੇ ਜਸਬੀਰ ਸਿੰਘ, ਮਨਜੀਤ ਕੌਰ ਪਤਨੀ ਜਸਵੰਤ ਸਿੰਘ, ਜਸਵੰਤ ਸਿੰਘ ਅਤੇ ਉਸ ਦੇ ਲਡ਼ਕੇ ਪਰਮਵੀਰ ਸਿੰਘ ਵਾਸੀ ਗਡਾਨਾ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਮੁਗਲ ਚੱਕ, ਜਸਕਰਨ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਦਲਜੀਤ ਸਿੰਘ ਯੂ.ਪੀ. ਨੇ ਕਿਰਪਾਨਾਂ ਅਤੇ ਦਾਤਰਾਂ ਨਾਲ ਲੈਸ ਹੋ ਕੇ ਇਕ ਕਬਾੲੀਨ ਅਤੇ 2 ਟਰੈਕਟਰ ਟਰਾਲੀ ਉਸ ਦੇ ਖੇਤਾਂ ਵਿਚ ਲੈ ਆਏ ਅਤੇ ਉਸ ਦਾ 4 ਏਕਡ਼ ਝੋਨਾ ਕੱਟ ਕੇ ਚੋਰੀ ਕਰ ਲਿਅਾ, ਜਿਸ ਦੀ ਕੀਮਤ ਲੱਖਾਂ ਵਿਚ ਹੈ। ੲਿਸ ਦੌਰਾਨ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਨਜ਼ਦੀਕੀ ਗੰਨੇ ਦੇ ਖੇਤਾਂ ਵਿਚ ਲੁਕ ਕੇ ਸਾਰਾ ਦ੍ਰਿਸ਼ ਵੇਖਿਆ ਜਿਸ ਦੌਰਾਨ ਮੁਲਜ਼ਮ ਧਮਕੀਅਾਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਇਸ ਦੌਰਾਨ ਬੀਤੀ ਰਾਤ ਉਹ ਆਪਣੇ ਟਰੈਕਟਰ ਨਾਲ ਜ਼ਮੀਨ ਵਾਹ ਰਿਹਾ ਸੀ ਕਿ ਬਿੰਦਰ ਕੌਰ ਪੁੱਤਰੀ ਤਾਰਾ ਸਿੰਘ, ਸਵਰਣ ਸਿੰਘ ਪਤਨੀ ਹਰਬੰਸ ਸਿੰਘ ਅਤੇ ਤਾਰਾ ਸਿੰਘ ਲੱਕਡ਼ੀ ਦੇ ਵੱਡੇ ਡੰਡਿਆਂ ਨੂੰ ਅੱਗ ਲਾ ਕੇ ਗੰਡਾਸਿਅਾਂ ਦੇ ਨਾਲ ਉਸ ਦੇ ਟਰੈਕਟਰ ਵੱਲ ਆਏ ਅਤੇ ਧਮਕੀਅਾਂ ਦਿੰਦੇ ਹੋਏ ਟਰੈਕਟਰ ਨੂੰ ਸਾਡ਼ਨ ਦੀ ਗੱਲ ਕਰਨ ਲੱਗੇ ਜਿਸ ਦੌਰਾਨ ਉਹ ਦਹਿਸ਼ਤ ਨਾਲ ਆਪਣੀ ਜਾਨ ਬਚਾਉਂਦਾ ਹੋਇਆ ਟਰੈਕਟਰ ਭਜਾ ਕੇ ਨਿਕਲ ਗਿਆ ਅਤੇ ਪੂਰੇ ਘਟਨਾਕ੍ਰਮ ਦੀ ਵੀਡੀਓ ਬਣਾ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਅਤੇ ਐੱਸ. ਐੱਚ. ਓ. ਸੁਭਾਨਪੁਰ ਸਤਨਾਮ ਸਿੰਘ ਪੁਲਸ ਟੀਮ ਦੇ ਨਾਲ ਮੌਕੇ ’ਤੇ ਪੁੱਜੇ ਅਤੇ ਪੀਡ਼ਤ ਵੱਲੋਂ ਦਿੱਤੀ ਗਈ ਵੀਡੀਓ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਦੇ ਹੋਏ 14 ਮੁਲਜ਼ਮਾਂ ਬਿੰਦਰ ਕੌਰ, ਤਾਰਾ ਸਿੰਘ, ਸੋਨਾ ਕੌਰ, ਰਣਜੀਤ ਕੌਰ, ਜਸਬੀਰ ਸਿੰਘ, ਮਨਜੀਤ ਕੌਰ, ਜਸਵੰਤ ਸਿੰਘ, ਪਰਮਵੀਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਸੁਰਿੰਦਰ ਸਿੰਘ, ਜਸਬੀਰ ਕੌਰ, ਸੁਖਵਿੰਦਰ ਕੌਰ, ਜਸਕਰਨ ਸਿੰਘ ਅਤੇ ਦਲਜੀਤ ਸਿੰਘ ਯੂ.ਪੀ. ਵਾਲੇ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਤਾਰਾ ਸਿੰਘ, ਬਿੰਦਰ ਕੌਰ ਅਤੇ ਸਵਰਣ ਕੌਰ ਨੂੰ ਗ੍ਰਿਫਤਾਰ ਕਰ ਕੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 4 ਏਕਡ਼ ਚੋਰੀ ਕੀਤੇ ਝੋਨਾ ਨੂੰ ਬਰਾਮਦ ਕਰ ਲਿਆ, ਜਦ ਕਿ ਬਾਕੀ 10 ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।
