ਨਵਾਂਸ਼ਹਿਰ ਵਿਖੇ ਪਿਸਤੌਲ ਦੀ ਨੌਕ ’ਤੇ ਮਹਿਲਾ ਤੋਂ ਕਾਰ ਖੋਹਣ ਵਾਲੇ 3 ਦੋਸ਼ੀ ਗ੍ਰਿਫ਼ਤਾਰ
Monday, Jan 09, 2023 - 06:10 PM (IST)

ਬੰਗਾ/ਨਵਾਂਸ਼ਹਿਰ (ਚਮਨ ਲਾਲ, ਰਾਕੇਸ਼, ਤ੍ਰਿਪਾਠੀ, ਜ.ਬ.)-ਫਗਵਾੜਾ-ਨਵਾਂਸ਼ਹਿਰ ਹਾਈਵੇਅ ’ਤੇ ਪਿਸਤੌਲ ਦੀ ਨੌਕ ’ਤੇ ਮਹਿਲਾ ਤੋਂ ਕਾਰ ਖੋਹਣ ਵਾਲੇ 3 ਦੋਸ਼ੀਆਂ ਨੂੰ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਦੋਸ਼ੀਆਂ ਕੋਲੋਂ ਪੁਲਸ ਨੇ ਖੋਹੀ ਗਈ ਕਾਰ, ਵਾਰਦਾਤ ਵਿਚ ਵਰਤੀ ਪਿਸੌਤਲ, 2 ਜਿੰਦਾ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਦੋਸ਼ੀਆਂ ਤੋਂ ਕੀਤੀ ਪੁੱਛ ਪੜਤਾਲ ਦੇ ਆਧਾਰ ’ਤੇ ਪੁਲਸ ਨੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋ 1 ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਆਰਮ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।
ਜਾਣਕਤਾਰੀ ਦਿੰਦਿਆ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ 7 ਜਨਵਰੀ ਨੂੰ ਥਾਣਾ ਸਿਟੀ ਬੰਗਾ ਪੁਲਸ ਨੂੰ ਅਮ੍ਰਿਤ ਕੌਰ ਦੀਪ ਵਾਸੀ ਪੂੰਨੀਆ ਨੇ ਸੂਚਨਾ ਦਿੱਤੀ ਕਿ ਜਦੋਂ ਉਹ ਰਾਤ ਕਰੀਬ 9.20 'ਤੇ ਆਪਣੀ ਤਿੰਨ ਸਾਲ ਦੀ ਕੁੜੀ ਨਾਲ ਆਪਣੀ ਕਾਰ ਨੰਬਰ ਪੀ. ਬੀ. 32 ਐੱਸ-1185 ਮਾਰਕਾ ਸੇਲੈਰੀਓ ’ਤੇ ਬੰਗਾ ਸ਼ਹਿਰ ਵਿਖੇ (ਫਗਵਾੜਾ ਤੋਂ ਰੋਪੜ ਨੈਸ਼ਨਲ ਹਾਈਵੇਅ) ’ਤੇ ਮੌਜੂਦ ਸੀ ਤਾਂ ਸੜਕ ਤੋਂ ਪਾਰ ਸਥਿਤ ਇਕ ਢਾਬੇ ਤੋਂ ਤਿੰਨ ਲੜਕੇ ਬਾਹਰ ਆਏ, ਜਿਨ੍ਹਾਂ ਵਿੱਚੋਂ ਇਕ ਲੜਕਾ ਮੋਟਰਸਾਈਕਲ ਕੋਲ ਰੁੱਕ ਗਿਆ ਅਤੇ ਦੋ ਲੜਕਿਆਂ ਨੇ ਸੜਕ ਪਾਰ ਕਰਕੇ ਉਸ ਪਾਸ ਆ ਕੇ। ਇਸ ਦੌਰਾਨ ਉਸ ਨੂੰ ਪਿਸਤੌਲ ਨਾਲ ਡਰਾ-ਧਮਕਾ ਕੇ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ, ਜਿਸ ’ਤੇ ਉਹ ਆਪਣੀ ਕੁੜੀ ਸਮੇਤ ਕਾਰ ’ਚੋਂ ਬਾਹਰ ਆ ਗਈ, ਜਿਸ ਉਪਰੰਤ ਇਹ ਦੋਵੇਂ ਦੋਸ਼ੀ ਉਸ ਦੀ ਕਾਰ ਖੋਹ ਕੇ ਨਵਾਂਸ਼ਹਿਰ ਵੱਲ ਭੱਜ ਗਏ ਅਤੇ ਮੋਟਰਸਾਈਕਲ ਵਾਲਾ ਲੜਕਾ ਬੰਗਾ ਵੱਲ ਨੂੰ ਚਲਾ ਗਿਆ। ਉਕਤ ਮਹਿਲਾ ਦੀ ਸ਼ਿਕਾਇਤ ’ਤੇ ਨਾ-ਮਲੂਮ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 02 ਮਿਤੀ 08-01-2023 ਅ/ਧ 379-ਬੀ ਭ:ਦ: ਤਹਿਤ ਥਾਣਾ ਸਿਟੀ ਬੰਗਾ ਵਿਖੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਇਹ ਵੀ ਪੜ੍ਹੋ : ਫਗਵਾੜਾ: ਗੰਨਮੈਨ ਨੂੰ ਮੌਤ ਦੇ ਘਾਟ ਉਤਾਰਣ ਵਾਲੇ 3 ਗੈਂਗਸਟਰ ਗ੍ਰਿਫ਼ਤਾਰ, ਫਰਾਰ ਸਾਥੀ ਦੀ ਤਸਵੀਰ ਜਾਰੀ
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਕਪਤਾਨ ਪੁਲਸ (ਜਾਂਚ) ਮੁਕੇਸ਼ ਕੁਮਾਰ, ਉਪ ਕਪਤਾਨ ਪੁਲਿਸ (ਜਾਂਚ) ਹਰਸ਼ਪ੍ਰੀਤ ਸਿੰਘ ਅਤੇ ਉਪ ਕਪਤਾਨ ਪੁਲਿਸ, ਬੰਗਾ ਸਰਵਨ ਸਿੰਘ ਅਤੇ ਇੰਚਾਰਜ ਸੀ. ਆਈ. ਏ ਸਟਾਫ਼, ਨਵਾਂਸ਼ਹਿਰ ਦੀ ਅਗਵਾਈ ਹੇਠ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਸ ਦੇ ਸਾਰਥਕ ਨਤੀਜੇ ਵਜੋਂ ਇੰਚਾਰਜ ਸੀ. ਆਈ. ਏ. ਸਟਾਫ਼ ਦੀ ਪੁਲਸ ਪਾਰਟੀ ਵੱਲੋਂ ਭੱਦੀ-ਨੂਰਪੁਰ ਰੋਡ ’ਤੇ ਇਸ ਵਾਰਦਾਤ ਦੇ 03 ਦੋਸ਼ੀਆਂ ਦਿਲਪ੍ਰੀਤ ਸਿੰਘ (ਉਮਰ 21 ਸਾਲ) ਪੁੱਤਰ ਬਲਜੀਤ ਸਿੰਘ ਵਾਸੀ ਕਾਜ਼ਮਪੁਰ ਥਾਣਾ ਰਾਹੋਂ, ਕਮਲਦੀਪ ਸਿੰਘ (ਉਮਰ 22 ਸਾਲ) ਪੁੱਤਰ ਗੁਰਮੇਲ ਸਿੰਘ ਵਾਸੀ ਫਤਿਹ ਨਗਰ ਹਾਲ ਵਾਸੀ ਨੇਡ਼ੇ ਲਾਲ ਢਾਬਾ ਮਹਾਲੋਂ ਥਾਣਾ ਸਿਟੀ ਨਵਾਂਸ਼ਹਿਰ ਅਤੇ ਜਸਕਰਨ ਸਿੰਘ (ਉਮਰ 21 ਸਾਲ) ਪੁੱਤਰ ਜਸਵਿੰਦਰ ਸਿੰਘ ਵਾਸੀ ਚਾਹੜ ਮਜਾਰਾ ਥਾਣਾ ਰਾਹੋਂ ਨੂੰ ਖੋਹ ਕੀਤੀ ਕਾਰ ਸੇਲੈਰੀਓ ਜਿਸ ’ਤੇ ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਅਲੀ ਨੰਬਰ ਪੀ. ਬੀ. 39 ਜੇ-9982 ਲਗਾਇਆ ਸੀ ਅਤੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਪਿਸਤੌਲ 32 ਬੋਰ, 02 ਜ਼ਿੰਦਾ ਰੋਂਦ, ਵਾਰਦਾਤ ’ਚ ਵਰਤਿਆ ਮੋਟਰਸਾਈਕਲ ਨੰਬਰ ਪੀ. ਬੀ. 32 ਈ-8601 ਮਾਰਕਾ ਸਪਲੈਂਡਰ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਇਸ ਉਪਰੰਤ ਪਹਿਲਾਂ ਦਰਜ ਮੁਕੱਦਮੇ ਵਿੱਚ ਵਾਧਾ ਜੁਰਮ 392,120-ਬੀ ਭ:ਦ: ਅਤੇ 25 ਅਸਲਾ ਐਕਟ ਦਾ ਕੀਤਾ ਗਿਆ।
ਐੱਸ. ਐੱਸ. ਪੀ. ਅਨੁਸਾਰ ਦੋਸ਼ੀ ਦਿਲਪ੍ਰੀਤ ਸਿੰਘ ਉਕਤ ਦੀ ਮੁੱਢਲੀ ਪੁੱਛਗਿੱਛ ਤੋਂ ਸੀ. ਆਈ. ਏ ਸਟਾਫ਼, ਨਵਾਂਸ਼ਹਿਰ ਵੱਲੋਂ ਇਕ ਹੋਰ ਦੋਸ਼ੀ ਸਤਨਾਮ ਸਿੰਘ ਉਰਫ਼ ਸੁੱਖਾ ਪੁੱਤਰ ਲੈਂਬਰ ਸਿੰਘ ਵਾਸੀ ਵਾਰਡ ਨੰਬਰ 12, ਬੀਰਮਪੁਰ ਰੋਡ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ ਵੀ 01 ਪਿਸਤੌਲ 32 ਬੌਰ, 02 ਜਿੰਦਾ ਰੋਂਦ ਸਮੇਤ ਕਾਬੂ ਕੀਤਾ ਗਿਆ, ਜਦੋਂ ਇਹ ਦੋਸ਼ੀ ਆਪਣੇ ਬਿਨਾਂ ਨੰਬਰੀ ਮੋਟਰਸਾਈਕਲ ਬੁਲੇਟ ’ਤੇ ਸਵਾਰ ਹੋ ਕੇ ਬੰਗਾ ਸਾਈਡ ਤੋਂ ਨਵਾਂਸ਼ਹਿਰ ਨੂੰ ਆ ਰਿਹਾ ਸੀ, ਜਿਸ ’ਤੇ ਇਸ ਦੋਸ਼ੀ ਵਿਰੁੱਧ ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ’ਤੇ ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ।
ਕਮਲਦੀਪ 'ਤੇ ਹਤਿਆ ਦੀ ਕੋਸ਼ਿਸ ਅਤੇ ਖੋਹ ਦੇ ਪਹਿਲਾਂ ਵੀ ਦਰਜ ਹਨ ਅਪਰਾਧਿਕ ਮਾਮਲੇ
ਐੱਸ. ਐੱਸ. ਪੀ ਨੇ ਦੱਸਿਆ ਕਿ ਕਮਲਦੀਪ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਹੱਤਿਆ ਦੀ ਕੋਸ਼ਿਸ ਅਤੇ ਲੁੱਟਖੋਹ ਦੇ 5 ਮਾਮਲੇ ਨਵਾਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਤੇ ਲਿਆ ਜਾਵੇਗਾ। ਗ੍ਰਿਫ਼ਤਾਰ ਦੋਸ਼ੀਆਂ ਤੋਂ ਲੁੱਟਖੋਹ ਅਤੇ ਅਪਰਾਧਿਕ ਵਾਰਦਾਤਾਂ ਦੇ ਹੋਰ ਮਾਮਲੇ ਹਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਹੈ। ਇਸ ਮੌਕੇ 'ਤੇ ਐੱਸ. ਪੀ. ਡਾ.ਮੁਕੇਸ ਕੁਮਾਰ, ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ ਤੇ ਸਰਵਣ ਸਿੰਘ ਬੰਗਾ ਅਤੇ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਤੋਂ ਇਲਾਵਾ ਹੋਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : RTI 'ਚ ਖ਼ੁਲਾਸਾ, ਪੰਜਾਬ 'ਚ 'ਲੰਪੀ ਸਕਿਨ' ਦੀ ਬੀਮਾਰੀ ਨਾਲ ਪਿਛਲੇ ਸਾਲ ਕਰੀਬ 18 ਹਜ਼ਾਰ ਪਸ਼ੂਆਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ