24 ਸਾਲਾਂ ਵਿਆਹੁਤਾ ਦੀ ਸ਼ੱਕੀ ਹਾਲਤ ''ਚ ਮੌਤ, ਸਹੁਰੇ ਘਰ ''ਚੋਂ ਮਿਲੀ ਲਾਸ਼

05/10/2020 10:52:33 PM

ਬਲਾਚੌਰ,( ਬੈਂਸ, ਬ੍ਰਹਮਪੁਰੀ): ਸਬ ਡਵੀਜ਼ਨ 'ਚ ਪੈਂਦੇ ਪਿੰਡ ਮਝੋਟ ਵਿਖੇ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮਝੋਟ ਪਿੰਡ ਦੀ ਰਹਿਣ ਵਾਲੀ ਚੌਵੀ ਵਰ੍ਹਿਆਂ ਦੀ ਇਕ ਵਿਆਹੁਤਾ ਜਿਸ ਦਾ ਨਾਂ ਨੇਹਾ ਪੁੱਤਰੀ ਸੁਰੇਸ਼ ਕੁਮਾਰ ਦਾ ਮ੍ਰਿਤਕ ਸਰੀਰ ਉਸ ਦੇ ਸਹੁਰੇ ਘਰ 'ਚੋਂ ਮਿਲਿਆ। ਜ਼ਿਕਰਯੋਗ ਹੈ ਕਿ 9 ਫਰਵਰੀ 2019 ਨੂੰ ਨੇਹਾ ਦਾ ਵਿਆਹ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਮਝੋਟ ਵਾਸੀ ਹੇਮੰਤ ਕੁਮਾਰ ਦੇ ਨਾਲ ਕੀਤਾ ਸੀ, ਜੋ ਮੌਜੂਦਾ ਸਮੇਂ ਲੁਧਿਆਣਾ ਵਿਖੇ ਤਾਇਨਾਤ ਹੈ ਅਤੇ ਪੰਜਾਬ ਆਰਮਡ ਫੋਰਸਿਸ 'ਚ ਕੰਮ ਕਰਦਾ ਹੈ। ਲੜਕੀ ਦੇ ਪਿਤਾ ਚੌਧਰੀ ਸੁਰੇਸ਼ ਕੁਮਾਰ ਉਸ ਦੇ ਪੁੱਤਰ ਭਤੀਜੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਪੁੱਤਰੀ ਦੀ ਹੱਤਿਆ ਕੀਤੀ ਗਈ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਲੜਕੀ ਨੇਹਾ ਦੇ ਸਹੁਰਾ ਪਰਿਵਾਰ ਦੇ ਮੈਂਬਰ ਉਸ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ, ਜਿਸ ਸਬੰਧੀ ਕਈ ਵਾਰ ਪੰਚਾਇਤਾਂ ਵਿਚ ਵੀ ਮਸਲਾ ਰੱਖਿਆ ਗਿਆ ਸੀ । ਉਨ੍ਹਾਂ ਇਹ ਵੀ ਦੱਸਿਆ ਕਿ ਨੇਹਾ ਦੇ ਵਿਆਹ ਵਿੱਚ ਦਾਜ ਦੇ ਰੂਪ ਵਿੱਚ ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ ਆਲਟੋ ਕਾਰ ਅਤੇ ਇੱਕ ਸਕੂਟਰ ਵੀ ਦਿੱਤਾ ਸੀ, ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਲੜਕੀ ਨੂੰ ਸਹੁਰਾ ਪਰਿਵਾਰ ਵਿਖੇ ਇਕ ਦਿਨ ਵੀ ਸੁੱਖਾਂ ਭਰਿਆ ਦੇਖਣ ਨੂੰ ਨਹੀਂ ਮਿਲਿਆ ।

ਸੂਤਰਾਂ ਅਨੁਸਾਰ ਮ੍ਰਿਤਕਾ ਨੇਹਾ ਨੇ ਅੱਜ ਆਪਣੇ ਮਾਪੇ ਘਰ ਵਿਖੇ ਫੋਨ 'ਤੇ ਗੱਲਬਾਤ ਦੌਰਾਨ ਸ਼ੱਕ ਜ਼ਾਹਰ ਕੀਤਾ ਸੀ ਕਿ ਉਸ ਦੇ ਨਾਲ ਅੱਜ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ । ਮ੍ਰਿਤਕਾਂ ਦੇ ਪਿਤਾ ਚੌਧਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪੁੱਤਰੀ ਦੇ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਗਈ ਹੈ, ਇਸ ਉਪਰੰਤ ਫੋਨ 'ਤੇ ਪ੍ਰਾਪਤ ਕੀਤੀ ਹੋਈ ਜਾਣਕਾਰੀ ਅਨੁਸਾਰ ਉਹ ਤੁਰੰਤ ਆਪਣੀ ਪੁੱਤਰੀ ਦੇ ਸਹੁਰਾ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਪੁੱਤਰੀ ਦੀ ਲਾਸ਼ ਬੈੱਡ 'ਤੇ ਪਈ ਸੀ ਅਤੇ ਉਸ ਦੇ ਗਲੇ ਉੱਤੇ ਕੁਝ ਨਿਸ਼ਾਨ ਵੀ ਹਨ। ਇਸ ਘਟਨਾ ਦੀ ਇਤਲਾਹ ਜਦੋਂ ਸਥਾਨਕ ਪੁਲਸ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕਾ ਦਾ ਸਰੀਰ ਕਬਜ਼ੇ 'ਚ ਲੈ ਕੇ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ।
ਖ਼ਬਰ ਲਿਖੇ ਜਾਣ ਤਕ ਪੁਲਸ ਵੱਡੇ ਪੱਧਰ 'ਤੇ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡੀ. ਐੱਸ. ਪੀ. ਜਤਿੰਦਰਜੀਤ ਸਿੰਘ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੇ ਸਨ। ਪੁਲਸ ਪਾਰਟੀ ਲੜਕੀ ਦੇ ਸਹੁਰਾ ਘਰ ਵਿਖੇ ਘਟਨਾ ਸਥਾਨ 'ਤੇ ਜਾ ਕੇ ਜਾਂਚ ਵਿੱਚ ਜੁਟ ਗਈ ਅਤੇ ਮ੍ਰਿਤਕਾ ਨਾਲ ਕੀ ਭਾਣਾ ਵਾਪਰਿਆ, ਉਸ ਬਾਰੇ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰਨ ਲਈ ਪੁਲਸ ਜਾਂਚ ਕਰ ਰਹੀ ਹੈ।
 


Deepak Kumar

Content Editor

Related News