ਡੇਂਗੂ ਅਤੇ ਚਿਕਨਗੁਨੀਆ ਦੇ 2-2 ਪਾਜ਼ੇਟਿਵ ਮਰੀਜ਼ ਮਿਲੇ

Saturday, Oct 19, 2024 - 10:43 AM (IST)

ਜਲੰਧਰ (ਰੱਤਾ)–ਸ਼ੁੱਕਰਵਾਰ ਨੂੰ ਡੇਂਗੂ ਅਤੇ ਚਿਕਨਗੁਨੀਆ ਦੇ 2-2 ਪਾਜ਼ੇਟਿਵ ਕੇਸ ਮਿਲਣ ਨਾਲ ਜ਼ਿਲੇ ਵਿਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 74 ਅਤੇ ਚਿਕਨਗੁਨੀਆ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 19 ’ਤੇ ਪਹੁੰਚ ਗਈ ਹੈ। ਜ਼ਿਲਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਡੇਂਗੂ ਦੇ ਸ਼ੱਕੀ 21 ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਉਨ੍ਹਾਂ ਵਿਚੋਂ 3 ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਵਿਚੋਂ ਇਕ ਮਰੀਜ਼ ਕਿਸੇ ਹੋਰ ਜ਼ਿਲੇ ਦਾ ਰਹਿਣ ਵਾਲਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਿਵਭਾਗ ਨੇ ਇਸ ਦੇ ਨਾਲ ਚਿਕਨਗੁਨੀਆ ਦੇ 3 ਸ਼ੱਕੀ ਮਰੀਜ਼ਾਂ ਦੇ ਸੈਂਪਲ ਵੀ ਟੈਸਟ ਕੀਤੇ ਅਤੇ ਉਨ੍ਹਾਂ ਵਿਚੋਂ 2 ਦੀ ਰਿਪੋਰਟ ਪਾਜ਼ੇਟਿਵ ਆਈ।ਡਾ. ਆਦਿੱਤਿਆਪਾਲ ਨੇ ਦੱਸਿਆ ਕਿ ਜ਼ਿਲੇ ਦੇ 74 ਡੇਂਗੂ ਪਾਜ਼ੇਟਿਵ ਮਰੀਜ਼ਾਂ ਿਵਚੋਂ 51 ਸ਼ਹਿਰੀ ਅਤੇ 23 ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਸ਼ੁੱਕਰਵਾਰ ਨੂੰ ਜ਼ਿਲੇ ਦੇ ਸ਼ਹਿਰੀ ਇਲਾਕਿਆਂ ਵਿਚ 739 ਅਤੇ ਦਿਹਾਤੀ ਇਲਾਕਿਆਂ ਵਿਚ 2808 ਘਰਾਂ ਦਾ ਸਰਵੇ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੂੰ ਸ਼ਹਿਰੀ ਇਲਾਕਿਆਂ ਵਿਚ 13 ਅਤੇ ਦਿਹਾਤੀ ਇਲਾਕਿਆਂ ਵਿਚ 17 ਥਾਵਾਂ ’ਤੇ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ, ਜਿਸਨੂੰ ਟੀਮਾਂ ਨੇ ਤੁਰੰਤ ਨਸ਼ਟ ਕਰ ਦਿੱਤਾ।

ਸਿਵਲ ਸਰਜਨ ਨੇ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ

‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੁਹਿੰਮ ਅਧੀਨ ਈ. ਐੱਸ. ਆਈ. ਹਸਪਤਾਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਿਵਲ ਸਰਜਨ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ, ਵਿਹੜੇ ਵਿਚ ਅਤੇ ਛੱਤ ’ਤੇ ਪਾਣੀ ਇਕੱਠਾ ਨਾ ਹੋਣ ਦੇਣ ਕਿਉਂਕਿ ਇਨ੍ਹਾਂ ਵਿਚ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਪੈਦਾ ਹੋ ਸਕਦਾ ਹੈ।

ਉਨ੍ਹਾਂ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਵੀ ਦੱਸਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ, ਜ਼ਿਲਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆਪਾਲ ਵੀ ਹਾਜ਼ਰ ਸਨ।

ਮਾਸ ਮੀਡੀਆ ਵਿੰਗ ਮਰਜ਼ੀ ਨਾਲ ਹੀ ਜਾਰੀ ਕਰਦੈ ਅੰਕੜੇ!

ਸਿਵਲ ਸਰਜਨ ਦਫਤਰ ਦੇ ਮਾਸ ਮੀਡੀਆ ਵਿੰਗ ਦੀ ਘਟੀਆ ਕਾਰਜਪ੍ਰਣਾਲੀ ਦਾ ਵੀ ਜਵਾਬ ਨਹੀਂ। ਇਸ ਵਿੰਗ ਦੇ ਅਧਿਕਾਰੀਆਂ ਦਾ ਦਫਤਰ ਦੇ ਹੋਰਨਾਂ ਅਧਿਕਾਰੀਆਂ ਨਾਲ ਸ਼ਾਇਦ ਕੋਈ ਤਾਲਮੇਲ ਨਹੀਂ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸ਼ੁੱਕਰਵਾਰ ਨੂੰ ਮਾਸ ਮੀਡੀਆ ਵਿੰਗ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ’ਚ ਦੇਖਿਆ ਗਿਆ ਕਿ ਵਿਭਾਗ ਦੀਆਂ ਟੀਮਾਂ ਨੇ ਜ਼ਿਲੇ ਦੇ 2248 ਘਰਾਂ ਦਾ ਸਰਵੇ ਕੀਤਾ ਤੇ ਉਨ੍ਹਾਂ ਨੂੰ ਇਸ ਦੌਰਾਨ 7 ਥਾਵਾਂ ’ਤੇ ਮੱਛਰਾਂ ਦਾ ਲਾਰਵਾ ਮਿਲਿਆ।

ਦੂਜੇ ਪਾਸੇ ਜ਼ਿਲਾ ਐਪੀਡੀਮਾਇਲੋਜਿਸਟ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਵਿਭਾਗ ਦੀਆਂ ਟੀਮਾਂ ਨੇ ਸ਼ੁੱਕਰਵਾਰ ਨੂੰ 3547 ਘਰਾਂ ਦਾ ਸਰਵੇ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੂੰ 30 ਥਾਵਾਂ ’ਤੇ ਮੱਛਰਾਂ ਦਾ ਲਾਰਵਾ ਮਿਲਿਆ। ਹੁਣ ਇਨ੍ਹਾਂ ਦੋਵਾਂ ਰਿਪੋਰਟਾਂ ਵਿਚੋਂ ਕਿਹੜੀ ਸਹੀ ਹੈ, ਇਹ ਤਾਂ ਵਿਭਾਗ ਦੇ ਉੱਚ ਅਧਿਕਾਰੀ ਹੀ ਜਾਣਨ।

 


shivani attri

Content Editor

Related News