ਪੰਜਾਬ ਪੁਲਸ ਦੇ 2 ਜਵਾਨਾਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ
Wednesday, Oct 09, 2024 - 11:12 AM (IST)

ਜਲੰਧਰ/ਆਦਮਪੁਰ (ਸ਼ੋਰੀ, ਦਿਲਬਾਗੀ, ਚਾਂਦ)-ਹੁਸ਼ਿਆਰਪੁਰ ਜ਼ਿਲ੍ਹੇ ਤੋਂ ਸ਼ੱਕੀ ਹਾਲਾਤ ਵਿਚ 2 ਪੁਲਸ ਜਵਾਨਾਂ ਦੀਆਂ ਲਾਸ਼ਾਂ ਮਿਲਣ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸੋਸ਼ਲ ਮੀਡੀਆਂ ਵਿਚ ਚੱਲ ਰਹੀਆਂ ਹਨ ਪਰ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਖੱਖ ਨੇ ਮੀਡੀਆ ਨੂੰ ਜਾਰੀ ਕੀਤੇ ਗਏ ਇਕ ਵੀਡੀਓ ਵਿਚ ਖ਼ੁਲਾਸਾ ਕੀਤਾ ਹੈ ਕਿ ਦੋਵੇਂ ਪੁਲਸ ਜਵਾਨਾਂ ਨੇ ਇਸ ਗੱਲ ਤੋਂ ਦੁਖ਼ੀ ਹੋ ਕੇ ਕਿ ਉਨ੍ਹਾਂ ਦੀ ਕਸਟਡੀ ਵਿਚੋਂ ਮੁਲਜ਼ਮ ਭੱਜ ਗਿਆ ਹੈ, ਜ਼ਹਿਰੀਲੀ ਵਸਤੂ ਦਾ ਸੇਵਨ ਕਰਕੇ ਸੁਸਾਈਡ ਕਰ ਲਿਆ।
ਜ਼ਿਕਰਯੋਗ ਹੈ ਕਿ ਕਪੂਰਥਲਾ ਦੀ ਅਦਾਲਤ ਤੋਂ ਹੁਸ਼ਿਆਰਪੁਰ ਜੁਵੇਨਾਈਲ ਜੇਲ੍ਹ ਲਿਜਾਂਦੇ ਸਮੇਂ ਆਦਮਪੁਰ ਨੇੜੇ ਹਿਰਾਸਤ ਵਿਚੋਂ ਇਕ ਨਾਬਾਲਗ ਮੁਲਜ਼ਮ ਦੇ ਫਰਾਰ ਹੋ ਜਾਣ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਪੁਲਸ ਅਧਿਕਾਰੀ ਮ੍ਰਿਤਕ ਹਾਲਤ ’ਚ ਪਾਏ ਗਏ ਸਨ। ਇਹ ਘਟਨਾ ਜਲੰਧਰ ਦਿਹਾਤੀ ਪੁਲਸ ਦੇ ਅਧਿਕਾਰ ਖੇਤਰ ਵਿਚ ਵਾਪਰੀ। ਪੁਲਸ ਟੀਮ ਦੋ ਨਾਬਾਲਗ ਮੁਲਜ਼ਮਾਂ ਨੂੰ ਲੈ ਕੇ ਜਾ ਰਹੀ ਸੀ। ਇਨ੍ਹਾਂ ਵਿਚੋਂ ਇਕ ਅਮਨਦੀਪ ਉਰਫ਼ ਕਾਲੂ (17) ਥਾਣਾ ਸਿਟੀ ਕਪੂਰਥਲਾ ਵਿਖੇ ਦਰਜ 2024 ਦੀ ਐੱਫ਼. ਆਈ. ਆਰ. ਨੰਬਰ 67 ਤਹਿਤ ਕਤਲ, ਅਪਰਾਧਿਕ ਧਮਕੀ ਅਤੇ ਸਾਜ਼ਿਸ਼ ਰਚਣ ਸਮੇਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਦੂਜਾ ਮੁਲਜ਼ਮ ਦੇਵ ਕੁਮਾਰ, (17) ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ’ਚ ਐੱਫ਼. ਆਈ. ਆਰ. ਨੰਬਰ 184/2024 ਤਹਿਤ ਸਮੂਹਿਕ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧਾਈ ਗਈ ਸੁਰੱਖਿਆ, 19 ਪੁਆਇੰਟਾਂ 'ਤੇ ਲੱਗ ਗਏ ਹਾਈਟੈੱਕ ਨਾਕੇ
ਅਮਨਦੀਪ ਉਰਫ਼ ਕਾਲੂ ਅਦਾਲਤ ਤੋਂ ਵਾਪਸ ਆਉਂਦੇ ਸਮੇਂ ਆਦਮਪੁਰ ਬੱਸ ਸਟੈਂਡ ਨੇੜੇ ਹਿਰਾਸਤ ’ਚੋਂ ਫ਼ਰਾਰ ਹੋ ਗਿਆ। ਐੱਲ. ਆਰ./ਏ. ਐੱਸ. ਆਈ. ਜੀਵਨ ਲਾਲ ਅਤੇ ਐੱਲ. ਆਰ./ਏ. ਐੱਸ. ਆਈ. ਪ੍ਰੀਤਮ ਦਾਸ ਵੱਲੋਂ ਤੁਰੰਤ ਪਿੱਛਾ ਕਰਨ ਦੇ ਬਾਵਜੂਦ ਮੁਲਜ਼ਮ ਗ੍ਰਿਫ਼ਤ ’ਚੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਦੋਵਾਂ ਅਧਿਕਾਰੀਆਂ ਦੀਆਂ ਲਾਸ਼ਾਂ ਆਦਮਪੁਰ ਰੇਲਵੇ ਸਟੇਸ਼ਨ ਤੋਂ ਮਿਲੀਆਂ।
ਤੀਜੇ ਅਧਿਕਾਰੀ ਐੱਲ. ਆਰ./ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੂਜੇ ਮੁਲਜ਼ਮ ਦੇਵ ਕੁਮਾਰ ਨੂੰ ਸਫ਼ਲਤਾਪੂਰਵਕ ਹਿਰਾਸਤ ਵਿਚ ਰੱਖਿਆ ਅਤੇ ਤੁਰੰਤ ਘਟਨਾ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਆਦਮਪੁਰ ਦੀ ਨਿਗਰਾਨੀ ਅਤੇ ਐੱਸ. ਐੱਚ. ਓ. ਆਦਮਪੁਰ ਦੀ ਅਗਵਾਈ ਹੇਠ ਪੁਲਸ ਟੀਮ ਮੌਕੇ ’ਤੇ ਪੁੱਜੀ ਤੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਫ਼ਰਾਰ ਹੋਏ ਨਾਬਾਲਗ ਅਮਨਦੀਪ ਉਰਫ਼ ਕਾਲੂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਆਦਮਪੁਰ ਦੀ ਨਿਗਰਾਨੀ ਹੇਠ ਐੱਸ. ਐੱਚ. ਓ. ਆਦਮਪੁਰ ਦੀ ਅਗਵਾਈ ਵਾਲੀ ਪੁਲਸ ਟੀਮ ਵੱਲੋਂ ਦੋਵਾਂ ਅਧਿਕਾਰੀਆਂ ਦੀ ਮੌਤ ਸਬੰਧੀ ਸੀ. ਆਰ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਵਿਚ ਜੀ. ਆਰ. ਪੀ. ਦੀ ਸਹਾਇਤਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹਾਈਕੋਰਟ ਦੀ ਵਕੀਲ Mercedes ਚਲਾ ਕੇ ਪੁੱਜੀ ਭਾਖੜਾ ਨਹਿਰ, ਫਿਰ ਛਾਲ ਮਾਰ ਕੇ ਕਰ ਲਈ ਖ਼ੁਦਕੁਸ਼ੀ (ਵੀਡੀਓ)
3 ਡਾਕਟਰਾਂ ਦੀ ਟੀਮ ਨੇ ਲਾਸ਼ਾਂ ਦਾ ਕੀਤਾ ਪੋਸਟਮਾਰਟਮ
ਜੀ. ਆਰ. ਪੀ. ਪੁਲਸ ਵੱਲੋਂ ਦੋਵਾਂ ਪੁਲਸ ਮੁਲਾਜ਼ਮਾਂ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਗਿਆ, ਜਿਸ ਦੌਰਾਨ ਡਾਕਟਰ ਪਰਮਿੰਦਰ ਸਿੰਘ, ਡਾ. ਸਚਿਨ ਤੇ ਡਾ. ਰੁਪਿੰਦਰ ਦਾ ਮੈਡੀਕਲ ਬੋਰਡ ਹਾਜ਼ਰ ਸੀ। ਹਸਪਤਾਲ ਦੇ ਸੂਤਰਾਂ ਦੀ ਮੰਨੀਏ ਤਾਂ ਲਾਸ਼ਾਂ ’ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਸਨ ਅਤੇ ਲਾਸ਼ਾਂ ’ਚੋਂ ਵਿਸੇਰਾ ਕੱਢ ਕੇ ਖ਼ਰੜ ਲੈਬਾਰਟਰੀ ਭੇਜ ਦਿੱਤਾ ਜਾਵੇਗਾ, ਜਿਸ ਤੋਂ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਮੁੜ ਦਹਿਲਿਆ ਪੰਜਾਬ, ਮੋਬਾਇਲ ਸ਼ੋਅਰੂਮ ਖੁੱਲ੍ਹਦੇ ਸਾਰ ਹੀ ਚਲਾ 'ਤੀਆਂ ਤਾਬੜਤੋੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ