ਪੁਦੀਨਾ ਫੈਕਟਰੀ 'ਚ ਖੂਹੀ ਦੀ ਸਫ਼ਾਈ ਕਰਨ ਸਮੇਂ ਗੈਸ ਚੜ੍ਹਨ ਨਾਲ ਹੋਈ 2 ਵਿਅਕਤੀਆਂ ਦੀ ਮੌਤ

08/08/2020 1:44:23 AM

ਲੋਹੀਆਂ ਖ਼ਾਸ,(ਮਨਜੀਤ) : ਲੋਹੀਆਂ ਬਲਾਕ ਦੇ ਮੰਡ ਏਰੀਏ 'ਚ ਪੈਂਦੇ ਪਿੰਡ ਮੁੰਡੀ ਚੋਹਲੀਆਂ ਵਿਖੇ ਇਕ ਪੁਦੀਨੇ ਦੀ ਫੈਕਟਰੀ ਦੀ ਖੂਹੀਂ 'ਚ ਗੈਸ ਚੜ੍ਹਨ ਨਾਲ ਦੋ ਭਰਾਵਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲਾਂਕਿ ਇਸ ਦੌਰਾਨ ਤੀਜੇ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਵਰਿੰਦਰ ਪਾਲ ਸਿੰਘ ਤੇ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਮੌਜ਼ੂਦ ਲੋਕਾਂ ਦਾ ਕਹਿਣਾ ਸੀ ਕਿ ਪਿੰਡ ਵਿੱਚ ਬਣੀ ਕਿਸਾਨ ਮੈਥਾ ਪਲਾਂਟ 'ਤੇ ਜਦੋਂ ਪਲਾਂਟ ਵਿਚ ਬਣੀਆਂ ਖੂਹੀਆਂ ਦੀ ਸਫ਼ਾਈ ਕਰਨ ਦੇ ਮਕਸਦ ਨਾਲ ਫੁੱਮਣ ਸਿੰਘ ਪੁੱਤਰ ਫੋਜ਼ਾ ਸਿੰਘ (40) ਪੰਦਰਾਂ ਕੁ ਫੁੱਟ ਡੂੰਘੀ ਖੂਹੀਂ ਵਿੱਚ ਉੱਤਰਿਆ ਤਾਂ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ ਅਤੇ ਉਸ ਦੇ ਭਰਾ ਪਾਲਾ ਸਿੰਘ (45) ਨੇ ਉਸ ਨੂੰ  ਬਚਾਉਣ ਲਈ ਖੂਹੀਂ ਵਿੱਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਪਾਲਾ ਸਿੰਘ ਵੀ ਛਾਲ ਮਾਰ ਕੇ ਖੂਹੀਂ 'ਚ ਬੇਹੋਸ਼ ਹੋ ਗਿਆ ਤਾਂ ਨਾਲ ਕੰਮ ਕਰਦੇ ਪਿੰਡ ਵਾਸੀ ਗੁਰਦੀਪ ਸਿੰਘ ਪੁੱਤਰ ਇੰਦਰ ਸਿੰਘ ਨੇ ਛਾਲ ਮਾਰ ਦਿੱਤੀ, ਜਿਸ ਨੂੰ ਨੇੜਲੇ ਕੰਮ ਕਰਦੇ ਵਿਅਕਤੀਆਂ ਨੇ ਝੱਟ ਪੱਟ ਕੱਢ ਲਿਆ, ਜਿਸ ਨੂੰ ਲੋਹੀਆਂ ਦੇ ਇਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਉਪਰੰਤ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ। ਜਦਕਿ ਫੁੱਮਣ ਸਿੰਘ ਤੇ ਉਸ ਦੇ ਭਰਾ ਪਾਲਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਡੀ. ਐੱਸ. ਪੀ. ਵਰਿੰਦਰ ਪਾਲ ਸਿੰਘ ਤੇ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਵਾਪਰੀ ਘਟਨਾ ਸੰਬਧੀ ਕਿਸੇ ਵੀ ਵਿਅਕਤੀ ਵੱਲੋਂ ਬਿਆਨ ਦਰਜ ਨਹੀਂ ਕਰਵਾਏ ਗਏ ਪਰ ਫਿਰ ਵੀ ਪੁਲਸ ਪ੍ਰਸ਼ਾਸਨ ਵੱਲੋਂ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਲਈ ਨਕੋਦਰ ਵਿਖੇ ਭੇਜ ਦਿੱਤਾ ਗਿਆ ਹੈ, ਜਿਸ ਉਪਰੰਤ ਲਾਸ਼ਾਂ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਜਾਵੇਗਾ।


Deepak Kumar

Content Editor

Related News