ਅੰਮ੍ਰਿਤਸਰ ਤੋਂ ਲਿਆਉਂਦੇ ਸੀ ਹੈਰੋਇਨ, ਨਾਕੇ ''ਤੇ ਪੁਲਸ ਨੇ ਫੜਿਆ

05/29/2019 1:07:38 PM

ਜਲੰਧਰ (ਸ਼ੋਰੀ)— ਦਿਹਾਤ ਦੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਪਿੰਡ ਪੂਰਣਪੁਰ ਨੇੜੇ ਨਾਕਾਬੰਦੀ ਕਰਕੇ 2 ਨੌਜਵਾਨਾਂ ਨੂੰ 120 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਸੀ. ਆਈ. ਏ. ਦੇ ਸਟਫ ਦੇ ਇੰਚਾਰਜ ਨਰੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਐੱਸ. ਐੱਸ. ਪੀ. ਨਵਜੋਤ ਸਿੰਘ ਦੇ ਆਦੇਸ਼ਾਂ 'ਤੇ ਪੁਲਸ ਨਸ਼ਾ ਸਮੱਗਲਰਾਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ।
ਇੰਸਪੈਕਟਰ ਵਿਪਨ ਕੁਮਾਰ ਨੇ ਨਾਕੇ ਦੌਰਾਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤੇ ਪ੍ਰਿਤਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਦੂਹੜੇ ਆਦਮਪੁਰ ਤੇ ਧਮਿੰਦਰ ਸਿੰਘ ਪੁੱਤਰ ਬਸਨ ਸਿੰਘ ਵਾਸੀ ਗਲੀ ਨੰਬਰ-3 ਗਣੇਸ਼ ਨਗਰ ਦੀ ਤਲਾਸ਼ੀ ਲਈ ਗਈ ਤਾਂ ਪ੍ਰਿਤਪਾਲ ਦੀ ਜੇਬ 'ਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਦਕਿ ਧਮਿੰਦਰ ਦੀ ਜੇਬ 'ਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਂਚ 'ਚ ਪਤਾ ਲੱਗਾ ਹੈ ਕਿ ਉਹ ਅੰਮ੍ਰਿਤਸਰ ਤੋਂ 2500 ਰੁਪਏ ਪ੍ਰਤੀ ਗ੍ਰਾਮ ਹੈਰੋਇਨ ਖਰੀਦ ਕੇ ਲਿਆਉਂਦੇ ਸੀ ਅਤੇ 3 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਵੇਚ ਕੇ ਪੈਸੇ ਕਮਾਉਂਦੇ ਸੀ। ਪ੍ਰਿਤਪਾਲ ਖਿਲਾਫ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਤਹਿਤ ਕੇਸ ਦਰਜ ਹੈ। ਧਮਿੰਦਰ ਖਿਲਾਫ ਪੁਲਸ ਨੇ ਪਹਿਲਾ ਕੇਸ ਦਰਜ ਕੀਤਾ ਹੈ। ਪੁਲਸ ਅੰਮ੍ਰਿਤਸਰ ਤੋਂ ਹੈਰੋਇਨ ਦੀ ਸਮੱਗਲਿੰਗ ਕਰਨ ਵਾਲਿਆਂ ਦੀ ਤਲਾਸ਼ ਕਰ ਰਹੀ ਹੈ।


shivani attri

Content Editor

Related News