ਝਾਰਖੰਡ ਤੋਂ ਅਫੀਮ ਸਪਲਾਈ ਕਰਨ ਆਏ 11ਵੀਂ ਦੀ ਵਿਦਿਆਰਥਣ ਸਣੇ 2 ਕਾਬੂ

10/18/2023 6:49:40 PM

ਜਲੰਧਰ (ਵਰੁਣ) : ਝਾਰਖੰਡ ਤੋਂ ਅਫੀਮ ਦੀ ਸਪਲਾਈ ਦੇਣ ਆਏ ਬੀ. ਏ. ਪਾਰਟ-2 ਦੇ ਵਿਦਿਆਰਥੀ ਅਤੇ ਉਸਦੀ ਮਹਿਲਾ ਜਾਣਕਾਰ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਸੀ. ਆਈ. ਏ. ਸਟਾਫ ਨੇ ਦੋਮੋਰੀਆ ਪੁਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਕੋਲੋਂ ਡੇਢ ਕਿੱਲੋ ਅਫੀਮ ਬਰਾਮਦ ਹੋਈ ਹੈ। ਪੁੱਛਗਿੱਛ ਵਿਚ ਦੋਵਾਂ ਨੇ ਮੰਨਿਆ ਕਿ ਸੀ. ਆਈ. ਏ. ਸਟਾਫ ਵੱਲੋਂ ਕਾਬੂ ਤਰਨਤਾਰਨ ਦੇ ਇਕ ਵਿਅਕਤੀ ਨੂੰ ਵੀ ਉਨ੍ਹਾਂ ਨੇ ਹੀ ਅਫੀਮ ਦੀ ਸਪਲਾਈ ਦਿੱਤੀ ਸੀ। ਦੋਵਾਂ ਨੂੰ ਪੁਲਸ ਨੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਏ. ਸੀ. ਪੀ. ਇਨਵੈਸਟੀਗੇਸ਼ਨ ਪਰਮਜੀਤ ਸਿੰਘ ਨੇ ਦੱਸਿਆ ਕਿ 5 ਅਕਤੂਬਰ ਨੂੰ ਸੀ. ਆਈ. ਏ. ਸਟਾਫ ਨੇ ਤਰਨਤਾਰਨ ਦੇ ਜੱਟਾ ਪਿੰਡ ਨਿਵਾਸੀ ਦਲਜੀਤ ਸਿੰਘ ਨੂੰ ਅੱਧਾ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਉਸਨੂੰ ਇਹ ਅਫੀਮ ਝਾਰਖੰਡ ਤੋਂ ਆਏ 2 ਬੱਚਿਆਂ ਨੇ ਦਿੱਤੀ ਸੀ। ਪੁਲਸ ਪਹਿਲਾਂ ਤਾਂ ਬੱਚਿਆਂ ਦਾ ਨਾਂ ਸੁਣ ਕੇ ਹੈਰਾਨ ਰਹਿ ਗਈ ਪਰ ਦਲਜੀਤ ਸਿੰਘ ਤੋਂ ਪੁੱਛਗਿੱਛ ਤੋਂ ਬਾਅਦ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਬੱਚਿਆਂ ਲਈ ਪੁਲਸ ਨੇ ਟਰੈਪ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬੀਆਂ 'ਤੇ ਛਾਇਆ ਆਬਾਦੀ ਦਾ ਖ਼ਤਰਾ, 10 ਸਾਲਾਂ 'ਚ ਆਬਾਦੀ ਵਿਕਾਸ ਦਰ ਹੋਈ 'ਨੈਗੇਟਿਵ'

ਪੁਲਸ ਦੀ ਇਨਵੈਸਟੀਗੇਸ਼ਨ ਵਿਚ ਪਤਾ ਲੱਗਾ ਕਿ ਬੱਚਿਆਂ ਵਿਚ ਇਕ ਨੌਜਵਾਨ ਅਤੇ ਉਸਦੀ ਜਾਣਕਾਰ ਸ਼ਾਮਲ ਹੈ, ਜਿਹੜੇ ਦੁਬਾਰਾ ਟਰੇਨ ਰਾਹੀਂ ਜਲੰਧਰ ਵਿਚ ਅਫੀਮ ਦੀ ਸਪਲਾਈ ਦੇਣ ਆ ਰਹੇ ਹਨ। ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਗੁਪਤ ਸੂਚਨਾ ਦੇ ਆਧਾਰ ’ਤੇ ਦੋਮੋਰੀਆ ਪੁਲ ’ਤੇ ਨਾਕਾਬੰਦੀ ਕਰ ਲਈ। ਜਿਉਂ ਹੀ ਰੇਲਵੇ ਸਟੇਸ਼ਨ ਵੱਲੋਂ ਇਕ ਲੜਕਾ-ਲੜਕੀ ਆਏ ਤਾਂ ਦੋਵਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਦੋਵਾਂ ਕੋਲੋਂ ਡੇਢ ਕਿਲੋ ਅਫੀਮ ਬਰਾਮਦ ਹੋਈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ EVMs ਦੀ ਚੈਕਿੰਗ ਸ਼ੁਰੂ, ਚੋਣ ਕਮਿਸ਼ਨ ਵੱਲੋਂ ਭੇਜੀ ਟੀਮ ਕਰੇਗੀ ਨਿਰੀਖਣ

ਮੁਲਜ਼ਮਾਂ ਦੀ ਪਛਾਣ ਚਿਰਾਗ (20) ਪੁੱਤਰ ਅਭਿਮਨਯੂ ਡਾਂਗਾ ਅਤੇ ਸਪਨਾ ਪੁੱਤਰੀ ਰਾਧੇ ਸ਼ਿਆਮ ਦੋਵੇਂ ਨਿਵਾਸੀ ਝਾਰਖੰਡ ਵਜੋਂ ਹੋਈ ਹੈ। ਜਾਂਚ ਵਿਚ ਪਤਾ ਲੱਗਾ ਕਿ ਉਹ ਦੋਵੇਂ ਮਿਲ ਕੇ ਪਹਿਲਾਂ ਵੀ ਪੰਜਾਬ ਵਿਚ ਅਫੀਮ ਦੀ ਸਪਲਾਈ ਦੇ ਚੁੱਕੇ ਹਨ। ਚਿਰਾਗ ਬੀ. ਏ. ਪਾਰਟ-2 ਦਾ ਵਿਦਿਆਰਥੀ ਹੈ ਅਤੇ ਸਪਨਾ 11ਵੀਂ ਜਮਾਤ ਦੀ ਵਿਦਿਆਰਥਣ ਹੈ। ਸਪਨਾ ਨੇ ਮੰਨਿਆ ਕਿ ਉਹ ਝਾਰਖੰਡ ਵਿਚ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਦੀ ਹੈ ਅਤੇ ਆਮਦਨ ਘੱਟ ਹੋਣ ਕਾਰਨ ਉਹ ਅਫੀਮ ਵੇਚਣ ਦਾ ਕੰਮ ਕਰਨ ਲੱਗ ਪਈ।  ਪੁਲਸ ਨੇ ਦੋਵਾਂ ਨੂੰ ਰਿਮਾਂਡ ’ਤੇ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ-ਕਿਹੜੇ ਲੋਕਾਂ ਨੂੰ ਅਫੀਮ ਦੀ ਸਪਲਾਈ ਦੇ ਚੁੱਕੇ ਹਨ। ਪੁਲਸ ਉਨ੍ਹਾਂ ਦੇ ਲਿੰਕ ਵੀ ਖੰਗਾਲ ਰਹੀ ਹੈ। ਪੁਲਸ ਦੀ ਮੰਨੀਏ ਤਾਂ ਝਾਰਖੰਡ ਦਾ ਹੀ ਸਮੱਗਲਰ ਉਕਤ ਵਿਦਿਆਰਥੀਆਂ ਨੂੰ ਸਪਲਾਈ ਲਈ ਭੇਜਦਾ ਸੀ।

ਇਹ ਵੀ ਪੜ੍ਹੋ : ਰਾਜਸਥਾਨ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਡਿਸਟਿਲਰੀਆਂ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News