''ਲੰਪੀ'' ਸਕਿਨ ਨਾਲ ਰੂਪਨਗਰ ਜ਼ਿਲ੍ਹੇ ’ਚ ਹੁਣ ਤੱਕ 1619 ਪਸ਼ੂ ਪ੍ਰਭਾਵਿਤ, 843 ਹੋਏ ਠੀਕ

08/13/2022 2:52:42 PM

ਰੂਪਨਗਰ (ਵਿਜੇ)-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੰਪੀ ਬੀਮਾਰੀ ਦੀ ਰੋਕਥਾਮ ਸਬੰਧੀ ਪਸ਼ੂ ਪਾਲਣ ਮਹਿਕਮੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਮੀਖਿਆ ਬਾਬਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 1619 ਪਸ਼ੂ ਇਸ ਬੀਮਾਰੀ ਦੀ ਲਪੇਟ ’ਚ ਆਏ ਹਨ, ਜਿਨ੍ਹਾਂ ’ਚੋਂ 843 ਠੀਕ ਹੋਏ ਹਨ ਅਤੇ 41 ਪਸ਼ੂਆਂ ਦੀ ਮੌਤ ਹੋਈ ਹੈ।

ਉਨ੍ਹਾਂ ਦੱਸਿਆ ਕਿ 13 ਅਗਸਤ 2022 ਨੂੰ ਕੈਟਲ ਪੌਂਡ ਸੁਖੇਮਾਜਰਾ, ਗਿਰੀਰਾਜ ਗਊਸ਼ਾਲਾ ਬਸਾਲੀ, ਸਰਬ ਸਾਂਝੀ ਗਊਸ਼ਾਲਾ ਝਾਂਡੀਆਂ ਕਲਾਂ, ਬਾਬਾ ਸਵਰਨਦਾਸ ਗਊਸ਼ਾਲਾ ਧਮਾਣਾ ਅਤੇ ਗੋਪਾਲ ਗਊਸ਼ਾਲਾ ਰੂਪਨਗਰ ਵਿਖੇ ਫੌਗਿੰਗ ਵੀ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਮੁਸਤੈਦੀ ਨਾਲ ਕੰਮ ਕਰਨ ਅਤੇ ਰੋਜ਼ਾਨਾ ਗਊਸ਼ਾਲਾਵਾਂ ਦਾ ਦੌਰਾ ਕੀਤਾ ਜਾਵੇ, ਜਿੱਥੇ ਵੀ ਕਿਤੇ ਕੋਈ ਦਿੱਕਤ ਆਉਂਦੀ ਹੈ ਉਹ ਫੌਰੀ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਲਿਆਂਦੀ ਜਾਵੇ। ਗਊਸ਼ਾਲਾਵਾਂ ਵਿਚ ਆਈਸੋਲੇਸ਼ਨ ਸ਼ੈੱਡ ਹੋਣੇ ਲਾਜਮੀ ਹਨ।

ਇਹ ਵੀ ਪੜ੍ਹੋ: ਫਗਵਾੜਾ ’ਚ ਗੰਨਾ ਮਿੱਲ ਖ਼ਿਲਾਫ਼ ਧਰਨਾ ਜਾਰੀ, ਟ੍ਰੈਫਿਕ ਨੂੰ ਲੈ ਕੇ ਕਿਸਾਨਾਂ ਨੇ ਲਿਆ ਇਹ ਫ਼ੈਸਲਾ

PunjabKesari

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਦਵਾਈਆਂ ਬਾਬਤ ਕੋਈ ਜਮ੍ਹਾਖੋਰੀ ਕਰਦਾ ਹੈ ਤਾਂ ਸਬੰਧਤ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਮਾਮਲੇ ’ਚ ਪ੍ਰਭਾਵਿਤ ਪਸ਼ੂ ਪਾਲਕ, ਮਹਿਕਮੇ ਤੱਕ ਪਹੁੰਚ ਨਹੀਂ ਕਰ ਪਾ ਰਿਹਾ ਤਾਂ ਮਹਿਕਮੇ ਦੇ ਅਧਿਕਾਰੀ ਆਪਣੇ ਪੱਧਰ ’ਤੇ ਸਾਰੇ ਲੋੜਵੰਦ ਪਸ਼ੂ ਪਾਲਕਾਂ ਨਾਲ ਸੰਪਰਕ ਕਰਨ ਅਤੇ ਬੀਮਾਰੀ ਤੋਂ ਪੀੜਤ ਪਸ਼ੂਆਂ ਦਾ ਨਿਯਮਤ ਢੰਗ ਨਾਲ ਇਲਾਜ ਕੀਤਾ ਜਾਣਾ ਯਕੀਨੀ ਬਣਾਉਣ। ਜੇਕਰ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤੀ ਜਾਂਦੀ ਹੈ ਤਾਂ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਨਾਲ ਆਵਾਰਾ ਪਸ਼ੂਆਂ ਅਤੇ ਚਰਵਾਹਿਆਂ ਦੇ ਪਸ਼ੂਆਂ ਦਾ ਵੀ ਖਿਆਲ ਰੱਖਿਆ ਜਾਵੇ ਤੇ ਇਲਾਜ ਸੇਵਾਵਾਂ ਦਿੱਤੀਆਂ ਜਾਣ। 

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਲੰਪੀ ਸਕਿਨ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ’ਚ ਪਸ਼ੂਆਂ ਦੀ ਵੈਕਸੀਨ ਅਤੇ ਇਲਾਜ ਕੀਤਾ ਜਾ ਰਿਹਾ ਹੈ। ਸਮੂਹ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਲੰਪੀ ਸਕਿਨ ਰੋਗ ਸਬੰਧੀ ਪਸ਼ੂ ਪਾਲਣ ਮਹਿਕਮੇ ਵੱਲੋਂ ਪਿੰਡਾਂ ’ਚ ਜਾ ਕੇ ਬੀਮਾਰ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਪਸ਼ੂ ਦੀ ਮੌਤ ਹੁੰਦੀ ਹੈ, ਤਾਂ ਉਸ ਨੂੰ ਬੀ. ਡੀ. ਪੀ. ਓਜ਼ ਅਤੇ ਵੀ. ਓ. ਨੂੰ ਨਾਲ ਲੈ ਕੇ ਢੁਕਵੇਂ ਢੰਗ ਨਾਲ ਦਫ਼ਨਾਉਣਾ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ: ਰਿਸ਼ਤੇਦਾਰੀ 'ਚ ਜਾ ਰਹੇ ਪਰਿਵਾਰ ਨੂੰ ਮੌਤ ਨੇ ਪਾਇਆ ਘੇਰਾ, ਗੜ੍ਹਸ਼ੰਕਰ ਵਿਖੇ ਬੱਚੇ ਸਣੇ 3 ਮੈਂਬਰਾਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News