ਰੂਪਨਗਰ ਜ਼ਿਲ੍ਹੇ ’ਚ 15 ਹੋਰ ਮਰੀਜ਼ਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
Wednesday, Jul 29, 2020 - 01:25 AM (IST)
ਰੂਪਨਗਰ, (ਵਿਜੇ ਸ਼ਰਮਾ)- ਜ਼ਿਲਾ ਰੂਪਨਗਰ ’ਚ ਅੱਜ 15 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਉਣ ਉਪਰੰਤ ਜ਼ਿਲੇ ’ਚ ਕੋਰੋਨਾ ਐਕਟਿਵ ਮਰੀਜ਼ਾਂ ਦਾ ਆਂਕਡ਼ਾ 51 ਹੋ ਗਿਆ ਹੈ। ਜਦਕਿ ਅੱਜ 17 ਕੋਰੋਨਾ ਪਾਜ਼ੇਟਿਵ ਮਰੀਜਾਂ ਨੂੰ ਸਿਹਤਯਾਬ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ। ਜਾਣਕਾਰੀ ਦਿੰਦੇ ਡੀ. ਸੀ. ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਅੱਜ ਰੂਪਨਗਰ ਦੇ ਪਿੰਡ ਲੋਅਰ ਬਹਿਰਾਮਪੁਰ ਤੋਂ 11 ਮਰੀਜ਼ਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ ਇਕ 58 ਸਾਲਾ ਅਤੇ ਇਕ 49 ਸਾਲਾ ਵਿਅਕਤੀ, 36-36 ਸਾਲਾ ਦੋ ਵਿਅਕਤੀ, ਇਕ 66 ਸਾਲਾ ਮਹਿਲਾ, ਇੱਕ 59 ਸਾਲਾ ਮਹਿਲਾ, ਇੱਕ 32 ਅਤੇ ਇਕ 29 ਸਾਲਾ ਮਹਿਲਾ ਸਮੇਤ 13,15 ਅਤੇ 16 ਸਾਲਾ ਤਿੰਨ ਲਡ਼ਕੇ ਵੀ ਸ਼ਾਮਲ ਹਨ। ਜਦਕਿ ਰੂਪਨਗਰ ਦੇ ਗਿਆਨੀ ਜੈਲ ਸਿੰਘ ਨਗਰ ਤੋਂ 30 ਸਾਲਾ ਵਿਅਕਤੀ ਸਮੇਤ ਪਿੰਡ ਮੌਜੂਦੀਨਪੁਰ, ਭਰਤਗਡ਼੍ਹ ਦੇ ਨਜ਼ਦੀਕ ਪਿੰਡ ਰਸੂਲਪੁਰ ਅਤੇ ਨਯਾ ਨੰਗਲ ਤੋਂ ਵੀ 1-1 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਰੂਪਨਗਰ ’ਚ ਹੁਣ ਤੱਕ ਕੋਰੋਨਾ ਸਬੰਧੀ 20,497 ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ’ਚੋਂ 19,941 ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 320 ਦੀ ਰਿਪੋਰਟ ਹਾਲੇ ਤੱਕ ਪੈਡਿੰਗ ਹੈ ਅਤੇ ਅੱਜ ਵੀ 238 ਲੋਕਾਂ ਦੇ ਸੈਂਪਲ ਕੋਰੋਨਾ ਟੈਸਟ ਲਏ ਗਏ ਹਨ।