200 ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ’ਚ 14-15 ਲੋਕਾਂ ਨੇ ਟਰੱਸਟ ਦੀ ਟੀਮ ’ਤੇ ਪਥਰਾਅ ਕਰ ਕੇ ਦੌੜਾਇਆ

01/16/2019 6:44:23 AM

ਜਲੰਧਰ,   (ਪੁਨੀਤ)-  ਮਾਡਲ ਟਾਊਨ ਨਾਲ ਲੱਗਦੇ ਲਤੀਫਪੁਰਾ ’ਚ ਕਬਜ਼ੇ ਹਟਾਉਣ ਗਈ  ਇੰਪਰੂਵਮੈਂਟ ਟਰੱਸਟ ਦੀ ਟੀਮ ਨੂੰ ਅੱਜ ਫਿਰ ਬੇਰੰਗ ਪਰਤਣਾ ਪਿਆ। ਇਸ ਦਾ ਕਾਰਨ  ਇੰਪਰੂਵਮੈਂਟ ਟਰੱਸਟ, ਪ੍ਰਸ਼ਾਸਨ ਤੇ ਪੁਲਸ ਵਿਚ ਤਾਲਮੇਲ ਦੀ ਘਾਟ ਕਿਹਾ ਜਾ ਸਕਦਾ ਹੈ ਕਿਉਂਕਿ ਸਮੇਂ ’ਤੇ ਕਾਰਵਾਈ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਟਰੱਸਟ ਦੇ ਹੱਥ ਅੱਜ ਫਿਰ  ਨਿਰਾਸ਼ਾ ਲੱਗੀ। ਇੰਪਰੂਵਮੈਂਟ ਟਰੱਸਟ ਵਲੋਂ ਜੋ ਯੋਜਨਾ ਬਣਾਈ ਗਈ ਸੀ, ਉਸ ਦੇ ਮੁਤਾਬਕ  ਸਵੇਰੇ 7 ਵਜੇ ਦੇ ਕਰੀਬ ਕਾਰਵਾਈ ਸ਼ੁਰੂ ਕੀਤੀ ਜਾਣੀ ਸੀ ਪਰ ਕਾਰਵਾਈ 10 ਵਜੇ ਤੋਂ ਬਾਅਦ  ਸ਼ੁਰੂ ਹੋ ਸਕੀ, ਜਿਸ ਕਾਰਨ ਲੋਕਾਂ ਨੂੰ ਆਪਣੇ ਸਮਰਥਕ ਇਕੱਠੇ ਕਰਨ ਦਾ ਪੂਰਾ ਮੌਕਾ ਮਿਲ  ਗਿਆ। 
ਯੋਜਨਾ ਮੁਤਾਬਕ ਟਰੱਸਟ ਕਰਮਚਾਰੀ ਸਵੇਰੇ ਸਾਢੇ 7 ਵਜੇ ਤੋਂ ਪਹਿਲਾਂ ਮਾਡਲ ਟਾਊਨ  ਪਹੁੰਚ ਗਏ ਅਤੇ ਅਗਲੇ ਹੁਕਮਾਂ ਦੀ ਉਡੀਕ ਕਰਦੇ ਰਹੇ। ਟੀਮ ਨੇ ਪੁਲਸ ਨਾਲ ਮੌਕੇ ’ਤੇ ਜਾਣਾ  ਸੀ ਅਤੇ ਪ੍ਰਸ਼ਾਸਨ ਵਲੋਂ ਤਾਇਨਾਤ ਕੀਤੇ ਗਏ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ’ਚ  ਕਾਰਵਾਈ ਸ਼ੁਰੂ ਹੋਣੀ ਸੀ ਪਰ ਪੁਲਸ ਅਤੇ ਅਧਿਕਾਰੀ 10 ਵਜੇ ਦੇ ਕਰੀਬ ਮੌਕੇ ’ਤੇ ਜਾਣ ਲਈ  ਰਵਾਨਾ ਹੋਏ। ਇਸ ਤੋਂ ਪਹਿਲਾਂ ਸਵੇਰੇ 7 ਵਜੇ ਦੇ ਕਰੀਬ ਟਰੱਸਟ ਦੇ ਚੇਅਰਮੈਨ ਦੀਪਰਵ  ਲਾਕੜਾ, ਈ. ਓ. ਸੁਰਿੰਦਰ ਕੁਮਾਰੀ ਸਣੇ ਟਰੱਸਟ ਦੇ ਮੁਲਾਜ਼ਮਾਂ ਦੀ ਮੀਟਿੰਗ ਹੋਈ, ਜਿਸ ’ਚ  ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਤੋਂ ਬਾਅਦ ਅਧਿਕਾਰੀ ਡੀ. ਸੀ. ਨਾਲ ਮੀਟਿੰਗ  ਕਰਨ ਲਈ ਚਲੇ ਗਏ, ਜਿੱਥੇ ਇਲਾਕਾ ਕੌਂਸਲਰ ਅਰੁਣਾ ਅਰੋੜਾ, ਮਨੋਜ ਅਰੋੜਾ ਸਣੇ ਕੁਝ ਇਲਾਕਾ  ਵਾਸੀ ਵੀ ਮੌਜੂਦ ਸਨ। ਇਹ ਮੀਟਿੰਗ ਕਾਫੀ ਸਮੇਂ ਤੱਕ ਚੱਲੀ ਅਤੇ ਮੀਟਿੰਗ ਖਤਮ ਹੋਣ ਤੋਂ ਬਾਅਦ  ਚੇਅਰਮੈਨ ਦੀਪਰਵ ਲਾਕੜਾ ਪੌਣੇ 10 ਵਜੇ ਦੇ ਕਰੀਬ ਮਾਡਲ ਟਾਊਨ ਪਹੁੰਚੇ।
ਇਸ ਤੋਂ  ਬਾਅਦ ਟਰੱਸਟ ਨੇ ਪੁਲਸ ਦੇ ਘੇਰੇ ਵਿਚ ਅਨਾਊਂਸਮੈਂਟ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਕਬਜ਼ੇ  ਖਾਲੀ ਕਰਨ ਲਈ ਕਿਹਾ। ਟਰੱਸਟ ਨੇ ਆਪਣੇ ਹਿੱਸੇ ਦੀ ਜ਼ਮੀਨ ’ਤੇ ਨਿਸ਼ਾਨ ਲਾਉਣੇ ਸ਼ੁਰੂ ਕਰ  ਦਿੱਤੇ। ਇਸ ਦੌਰਾਨ ਡਿੱਚ ਮਸ਼ੀਨਾਂ ਮੁੱਖ ਸੜਕ ’ਤੇ ਸਥਿਤ ਇਕ ਕੰਧ ਨੂੰ ਤੋੜਨ ਲੱਗੀਆਂ ਤਾਂ  ਲੋਕਾਂ ਦਾ ਗੁੱਸਾ ਭੜਕ ਗਿਆ ਤੇ ਲੋਕਾਂ ਨੇ ਟਰੱਸਟ ਦੀ ਟੀਮ ’ਤੇ ਪਥਰਾਅ ਕਰਨਾ ਸ਼ੁਰੂ ਕਰ  ਦਿੱਤਾ। ਇਸ ਦੌਰਾਨ 200 ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ 14-15 ਲੋਕਾਂ ਨੇ ਪੱਥਰਬਾਜ਼ੀ  ਕਰ ਕੇ ਟਰੱਸਟ ਦੀ ਟੀਮ ਨੂੰ ਖੂਬ ਭਜਾਇਆ। ਇਸ ਦੌਰਾਨ ਡਿੱਚ ਮਸ਼ੀਨਾਂ ਤੇਜ਼ ਰਫਤਾਰ ਵਿਚ  ਵਾਪਸ ਜਾਣ ਲੱਗੀਆਂ। ਲੋਕਾਂ ਨੇ ਡਿੱਚ ’ਤੇ ਪੱਥਰ ਮਾਰ ਕੇ ਉਸ ਦੇ ਸ਼ੀਸ਼ੇ ਤੋੜ ਦਿੱਤੇ। 
ਇਸ  ਦੌਰਾਨ ਡਿੱਚ ਚਾਲਕ ਨੂੰ ਸੱਟਾਂ ਵੀ ਲੱਗੀਆਂ। ਜਿਸ ਪਾਸੇ ਨਿਸ਼ਾਨ ਲਾਏ ਜਾ ਰਹੇ ਸਨ, ਜ਼ਿਆਦਾ  ਪੁਲਸ ਫੋਰਸ ਉਸ ਪਾਸੇ ਖੜ੍ਹੀ ਸੀ ਅਤੇ ਪੱਥਰਬਾਜ਼ੀ ਹੁੰਦਿਆਂ ਹੀ ਮੁਲਾਜ਼ਮ ਮੁੱਖ ਸੜਕ ਵੱਲ  ਭੱਜੇ, ਜਿਸ ਨਾਲ ਪੱਥਰਬਾਜ਼ੀ ਕਰਨ ਵਾਲੇ ਲੋਕ ਇਧਰ-ਉਧਰ ਨਿਕਲ ਗਏ। ਪੁਲਸ ਨੇ ਮੋਰਚਾ ਸੰਭਾਲਿਆ,  ਜਿਸ ਤੋਂ ਬਾਅਦ ਪੱਥਰਬਾਜ਼ੀ ਬੰਦ ਹੋਈ। ਇਸ ਦੌਰਾਨ ਡਿੱਚ ਮਸ਼ੀਨਾਂ ਨੂੰ ਵਾਪਸ ਭੇਜ ਦਿੱਤਾ  ਗਿਆ ਅਤੇ ਡਿੱਚ ਮਸ਼ੀਨਾਂ ਦੁਬਾਰਾ ਨਹੀਂ ਆਈਆਂ। ਇਸ ਉਪਰੰਤ ਲੋਕਾਂ ਨੇ ਸੜਕ ’ਤੇ ਟਾਇਰ ਫੂਕ  ਕੇ ਲੰਮੇ ਸਮੇਂ ਤੱਕ ਪ੍ਰਦਰਸ਼ਨ ਕੀਤਾ।
ਹੈਲਮੇਟ ਨੇ ਕੀਤਾ ਟਰੱਸਟ ਅਧਿਕਾਰੀਆਂ ਦਾ ਬਚਾਅ
ਕਿਸੇ  ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਤੋਂ ਬਚਣ ਲਈ ਟਰੱਸਟ ਅਧਿਕਾਰੀ ਤੇ ਕਰਮਚਾਰੀ ਤਿਆਰੀ  ਨਾਲ ਆਏ ਸਨ। ਸਟਾਫ ਨੇ ਹੈਲਮੇਟ ਪਾਏ ਹੋਏ ਸਨ। ਸਾਰੇ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ  ਗਈਆਂ ਸਨ ਕਿ ਸਪੋਰਟਸ ਸ਼ੂਜ਼ ਪਾ ਕੇ ਆਉਣ। ਪੱਥਰਬਾਜ਼ੀ ਦੌਰਾਨ ਟਰੱਸਟ ਦੇ ਇਕ ਮੁਲਾਜ਼ਮ ਨੂੰ  ਵੱਡਾ ਪੱਥਰ ਲੱਗਾ, ਜਿਸ ਨਾਲ ਉਸ ਦਾ ਹੈਲਮੇਟ ਟੁੱਟ ਗਿਆ। ਜੇਕਰ ਹੈਲਮੇਟ ਨਾ ਹੁੰਦਾ ਤਾਂ  ਵਿਅਕਤੀ ਨੂੰ ਕਾਫੀ ਸੱਟਾਂ ਲੱਗ ਸਕਦੀਆਂ ਸਨ। ਉਸ ਮੁਲਾਜ਼ਮ ਦੀ ਬਾਂਹ ’ਤੇ ਵੀ ਸੱਟ ਲੱਗੀ।  ਇਸ ਦੌਰਾਨ ਇਕ ਔਰਤ ਸਣੇ  ਦੋ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ, ਜਿਸ ਵਿਚ ਇਕ ਕਰੇਨ  ਚਾਲਕ ਵੀ ਸ਼ਾਮਲ ਹੈ।
 


Related News