13 ਸਾਲਾ ਲੜਕੀ ਨੇ ਬਾਕਸਿੰਗ ਕੋਚ ਵਿਵੇਕ ਯਾਦਵ ’ਤੇ ਲਾਏ ਗ਼ੰਭੀਰ ਦੋਸ਼, FIR ਦਰਜ

04/25/2022 4:40:41 PM

ਜਲੰਧਰ (ਮਹੇਸ਼)-ਥਾਣਾ ਰਾਮਾ ਮੰਡੀ ਦੀ ਪੁਲਸ ਨੇ 13 ਸਾਲਾ ਨਾਬਾਲਗ ਲੜਕੀ ਵੱਲੋਂ ਆਪਣੇ ਬਾਕਸਿੰਗ ਕੋਚ ਵਿਵੇਕ ਯਾਦਵ ਵਾਸੀ ਅਰਮਾਨ ਨਗਰ ਦਕੋਹਾ ’ਤੇ ਲਾਏ ਗਏ ਗ਼ੰਭੀਰ ਦੋਸ਼ਾਂ ਸਬੰਧੀ ਕੋਚ ਵਿਵੇਕ ਯਾਦਵ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 354-ਬੀ ਅਤੇ 7, 8, 9 ਐੱਲ. ਐੱਮ. ਅਤੇ ਪੋਕਸੋ ਐਕਟ 2012 ਤਹਿਤ 10 ਐੱਫ. ਆਈ. ਆਰ. ਨੰਬਰ 94 ਦਰਜ ਹੈ। ਇਸ ਗੱਲ ਦੀ ਪੁਸ਼ਟੀ ਪੁਲਸ ਚੌਕੀ ਦਕੋਹਾ (ਨੰਗਲ ਸ਼ਾਮਾ) ਦੇ ਇੰਚਾਰਜ ਐੱਸ. ਆਈ. ਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਦੋਸ਼ੀ ਵਿਵੇਕ ਯਾਦਵ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਘਰ ’ਚ ਛਾਪਾ ਮਾਰਨ ਮੌਕੇ ਉਹ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਨਾਬਾਲਗ ਲੜਕੀ ਵੱਲੋਂ ਬਾਕਸਿੰਗ ਕੋਚ ਵਿਵੇਕ ਯਾਦਵ ’ਤੇ ਲਾਏ ਗਏ ਗੰਭੀਰ ਦੋਸ਼ਾਂ ’ਚ ਕੋਚ ਦੀ ਪਤਨੀ, ਪੁੱਤਰਾਂ ਅਤੇ ਧੀਆਂ ਦੀ ਭੂਮਿਕਾ ਦੀ ਵੀ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਆਪਣੇ ਬਿਆਨਾਂ ’ਚ ਨਾਬਾਲਗ ਲੜਕੀ ਨੇ ਕੋਚ ਦੀ ਪਤਨੀ ’ਤੇ ਉਨ੍ਹਾਂ ਦੇ ਘਰ ’ਚ ਸਫ਼ਾਈ ਕਰਵਾਉਣ ਅਤੇ ਉਸ ਦੇ ਬੇਟੇ ’ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਾਇਆ ਹੈ।

ਜਾਂਚ ਦੌਰਾਨ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਐੱਸ. ਆਈ. ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 15 ਸਾਲਾ ਨਾਬਾਲਗ ਲੜਕੀ ਨੇ ਕੋਚ ਵਿਵੇਕ ਯਾਦਵ ’ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਸਨ, ਜਿਸ ਸਬੰਧੀ ਥਾਣਾ ਰਾਮਾ ਮੰਡੀ ’ਚ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਪੁਲਸ ਨੇ ਕੋਚ ਵਿਵੇਕ ਯਾਦਵ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਜੇਲ੍ਹ ਜਾਣ ਤੋਂ ਬਾਅਦ ਜ਼ਮਾਨਤ ’ਤੇ ਬਾਹਰ ਆਇਆ ਸੀ। ਵਿਵੇਕ ਯਾਦਵ ਦੀ ਦਕੋਹਾ ’ਚ ਗ਼ੈਰ-ਕਾਨੂੰਨੀ ਤੌਰ ’ਤੇ ਬਣਾਈ ਗਈ ਬਾਕਸਿੰਗ ਅਕੈਡਮੀ ’ਤੇ ‘ਆਪ’ ਵਿਧਾਇਕ ਦੇ ਕਹਿਣ ’ਤੇ ਨਗਰ ਨਿਗਮ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ, ਜਿਸ ਨੂੰ ਲੈ ਕੇ ਕੋਚ ਨੇ ਰਾਮਾ ਮੰਡੀ ਫਲਾਈਓਵਰ ਦੇ ਹੇਠਾਂ ਅਤੇ ਨਗਰ ਨਿਗਮ ਦੇ ਬਾਹਰ ਕੋਚਿੰਗ ਹਾਸਲ ਕਰਦੇ ਬੱਚਿਆਂ ਨੂੰ ਨਾਲ ਲੈ ਧਰਨਾ ਵੀ ਲਾਇਆ ਗਿਆ ਸੀ ।


Manoj

Content Editor

Related News