ਰੂਪਨਗਰ ’ਚ ਮਾਨਸੂਨ ਸੀਜ਼ਨ ਦੌਰਾਨ ਲਾਏ ਜਾਣਗੇ 11 ਲੱਖ ਬੂਟੇ: ਹਰਜੋਤ ਬੈਂਸ

Thursday, Jul 11, 2024 - 01:46 PM (IST)

ਨੰਗਲ (ਗੁਰਭਾਗ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਬੀਤੇ ਦਿਨ ਪਿੰਡ ਭਲਾਣ ਵਿਖੇ ਜ਼ਿਲ੍ਹੇ ’ਚ 11 ਲੱਖ ਬੂਟੇ ਲਾਉਣ ਦੀ ਮੁਹਿੰਮ ਤਹਿਤ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਗਏ। ਇਸ ਮੌਕੇ ਪਿੰਡ ਭਲਾਣ ਦੇ ਕਮਿਊਨਿਟੀ ਸੈਂਟਰ ਵਿਖੇ 5 ਬੂਟੇ ਲਾ ਕੇ ਇਸ ਮੁਹਿੰਮ ਨੂੰ ਹੁਲਾਰਾ ਦਿੱਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਵਾਤਾਵਰਣ ’ਚ ਕਾਫ਼ੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਗਰਮੀ ਸਹਿਣ ਕਰਨੀ ਪੈ ਰਹੀ ਹੈ।

ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਰੁੱਖਾਂ ਦੀ ਕਟਾਈ ਕਾਰਨ ਮੌਸਮ ’ਚ ਭਿਆਨਕ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ, ਇਸ ਵਾਰ ਪੂਰੇ ਦੇਸ਼ ’ਚ ਰਿਕਾਰਡ ਤੋੜ ਗਰਮੀ ਪੈ ਰਹੀ ਹੈ, ਜਿਸ ਦਾ ਇਕੋ-ਇਕ ਕਾਰਨ ਰੁੱਖਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਇਕ ਇਨਸਾਨ ਨੂੰ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਆਲਾ-ਦੁਆਲਾ ਹਰਿਆ ਭਰਿਆ ਰਹਿ ਸਕੇ।

ਇਹ ਵੀ ਪੜ੍ਹੋ- 7 ਮਹੀਨੇ ਪਹਿਲਾਂ ਧੀ ਦੇ ਵਿਆਹ 'ਚ ਮਾਪਿਆਂ ਨੇ ਖ਼ਰਚੇ 22 ਲੱਖ ਰੁਪਏ, ਫਿਰ ਵੀ ਨਾ ਰੱਜੇ ਲਾਲਚੀ ਸਹੁਰੇ, ਹੋਇਆ ਖ਼ੌਫ਼ਨਾਕ ਅੰਜਾਮ

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਾਡੇ ਵੱਲੋਂ ਇਹ ਟੀਚਾ ਮਿਥਿਆ ਗਿਆ ਹੈ ਕਿ ਪੂਰੇ ਜ਼ਿਲ੍ਹੇ ’ਚ ਬਰਸਾਤਾਂ ਦੇ ਮੌਸਮ ਦੌਰਾਨ 11 ਲੱਖ ਬੂਟੇ ਲਾਏ ਜਾਣਗੇ ਅਤੇ ਜ਼ਿਲ੍ਹੇ ਨੂੰ ਹਰਿਆ-ਭਰਿਆ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਸਾਰੇ ਵੱਧ ਤੋਂ ਵੱਧ ਬੂਟੇ ਆਪਣੇ-ਆਪਣੇ ਘਰਾਂ ’ਚ ਲਗਾਉਣ ਤਾਂ ਜੋ ਵਾਤਾਵਰਣ ਦਾ ਸੰਤੁਲਨ ਬਰਕਰਾਰ ਰੱਖਿਆ ਜਾ ਸਕੇ। ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਪਿੰਡ ਭਲਾਣ ਵਿਖੇ ਫੁੱਲਦਾਰ ਅਤੇ ਫਲਦਾਰ ਬੂਟੇ ਲਗਾ ਕੇ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸੰਜੀਵ ਕੁਮਾਰ, ਐੱਸ. ਡੀ. ਐੱਮ. ਨੰਗਲ ਅਨਮਜੋਤ ਕੌਰ, ਮੁੱਖ ਮੰਤਰੀ ਫੀਲਡ ਅਫ਼ਸਰ ਸੁਖਪਾਲ ਸਿੰਘ ਐੱਸ. ਡੀ. ਐੱਮ. ਮੋਰਿੰਡਾ ਤੋਂ ਇਲਾਵਾ ਦੀਪਕ ਸੋਨੀ, ਨਿਤਿਨ ਪੁਰੀ, ਚਮਨ ਲਾਲ, ਰਾਕੇਸ਼ ਵਰਮਾ, ਰਮਨ ਕਾਂਤ ਸੋਨੂੰ, ਰੋਹਿਤ, ਰਜਿੰਦਰ ਕੁਮਾਰ, ਰਾਜੀਵ ਕੁਮਾਰ, ਬੁੱਧ ਰਾਮ, ਬੱਬੂ, ਪਰਮਜੀਤ ਸੈਣੀ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News