3 ਸਕੀਮਾਂ ਤੋਂ 101.82 ਕਰੋੜ ਰੁਪਏ ਇਨਹਾਂਸਮੈਂਟ ਵਸੂਲੇਗਾ ਇੰਪਰੂਵਮੈਂਟ ਟਰੱਸਟ

Saturday, Sep 22, 2018 - 07:07 AM (IST)

3 ਸਕੀਮਾਂ ਤੋਂ 101.82 ਕਰੋੜ ਰੁਪਏ ਇਨਹਾਂਸਮੈਂਟ ਵਸੂਲੇਗਾ ਇੰਪਰੂਵਮੈਂਟ ਟਰੱਸਟ

ਜਲੰਧਰ, (ਪੁਨੀਤ)– ਕਿਸਾਨਾਂ ਨੂੰ ਇਨਹਾਂਸਮੈਂਟ ਅਦਾ ਕਰਨ ਲਈ ਇੰਪਰੂਵਮੈਂਟ ਟਰੱਸਟ ਵਲੋਂ ਜੋ ਯੋਜਨਾ ਤਿਆਰ ਕੀਤੀ ਗਈ ਹੈ, ਉਸ ਮੁਤਾਬਕ ਟਰੱਸਟ ਵਲੋਂ ਆਪਣੀਆਂ 3 ਸਕੀਮਾਂ ਦੇ ਪਲਾਟ ਹੋਲਡਰਾਂ ਤੋਂ 101.82 ਕਰੋੜ ਰੁਪਏ ਦੀ ਇਨਹਾਂਸਮੈਂਟ ਵਸੂਲ ਕੀਤੀ  ਜਾਵੇਗੀ। ਟਰੱਸਟ ਨੇ ਪ੍ਰਵਾਨਗੀ ਲਈ ਫਾਈਲ ਨੂੰ ਅੱਗੇ ਭੇਜ  ਦਿੱਤਾ ਹੈ, ਜਿਸਦੀ ਇਜਾਜ਼ਤ ਤੋਂ ਬਾਅਦ ਟਰੱਸਟ ਵਲੋਂ ਨੋਟਿਸ ਭੇਜ ਕੇ ਵਸੂਲੀ ਸ਼ੁਰੂ ਕੀਤੀ ਜਾਵੇਗੀ। 
ਇਸ ਪੂਰੀ ਲੜੀ ਵਿਚ ਇੰਪਰੂਵਮੈਂਟ ਟਰੱਸਟ ਬੈਕਫੁੱਟ ’ਤੇ ਖੜ੍ਹਾ ਹੈ, ਜਿਸ ਕਾਰਨ ਟਰੱਸਟ ਦੀ ਖੂਬ ਕਿਰਕਿਰੀ ਹੋਈ ਹੈ ਅਤੇ ਟਰੱਸਟ ਅਧਿਕਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਅਧਿਕਾਰੀ ਇਨਹਾਂਸਮੈਂਟ ਵਸੂਲਣ ਨੂੰ ਮਜਬੂਰ ਹਨ, ਜਿਨ੍ਹਾਂ ਸਕੀਮਾਂ ਨਾਲ ਇਨਹਾਂਸਮੈਂਟ ਵਸੂਲੀ ਦੀ ਸੂਚਨਾ ਤਿਆਰ ਹੋਈ ਹੈ, ਉਸ ਵਿਚ 170 ਏਕੜ ਸੂਰਿਆ ਐਨਕਲੇਵ 705 ਏਕੜ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਸਮੇਤ 74.9 ਏਕੜ ਸਕੀਮ ਸ਼ਾਮਲ ਹਨ। 
ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਵਿਚ ਕੇਸ ਹਾਰ ਚੁੱਕੇ ਇੰਪਰੂਵਮੈਂਟ ਟਰੱਸਟ ਵਲੋਂ ਕਿਸਾਨਾਂ ਨੂੰ ਇਨਹਾਂਸਮੈਂਟ ਅਦਾ ਕਰਨਾ ਲਾਜ਼ਮੀ ਹੋ ਚੁੱਕਾ ਹੈ, ਜਿਸ ਕਾਰਨ ਟਰੱਸਟ ਵਲੋਂ ਇਨਹਾਂਸਮੈਂਟ ਦੀਆਂ ਦਰਾਂ ਨਿਰਧਾਰਿਤ ਕੀਤੀਆਂ ਗਈਆਂ ਹਨ। 
ਇਸ ਸਬੰਧ ਵਿਚ ਟਰੱਸਟ ਨੂੰ ਸਭ ਤੋਂ ਪਹਿਲਾਂ 5 ਕਰੋੜ ਰੁਪਏ ਦੀ ਇਨਹਾਂਸਮੈਂਟ ਦੀ ਰਾਸ਼ੀ ਅਦਾ ਕਰਨੀ ਹੈ, ਜਿਸ ਲਈ ਟਰੱਸਟ  ਕੋਲ ਕੁਝ ਹਫਤਿਅਾਂ  ਦਾ ਸਮਾਂ ਬਚਿਆ ਹੈ। ਟਰੱਸਟ ਵਲੋਂ ਇਨਹਾਂਸਮੈਂਟ ਦੀ ਰਾਸ਼ੀ ਭਲੇ ਹੀ ਨਿਰਧਾਰਿਤ ਕਰ ਕੇ ਵਸੂਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਲੋਕਾਂ ਵਲੋਂ ਇਨਹਾਂਸਮੈਂਟ ਦੇਣ ਤੋਂ ਸਾਫ ਇਨਕਾਰ ਕੀਤਾ ਜਾ ਚੁੱਕਾ ਹੈ। ਇਸਦੇ ਵਿਰੋਧ ਵਿਚ ਕਈ ਐਸੋਸੀਏਸ਼ਨਾਂ ਮੋਰਚਾ ਖੋਲ੍ਹ ਚੁੱਕੀਅਾਂ ਹਨ। 
ਇਸ ਤੋਂ ਪਹਿਲਾਂ ਈ. ਓ. ਦਿਆਲ ਚੰਦ ਗਰਗ ਦੇ ਸਮੇਂ ਇਨਹਾਂਸਮੈਂਟ ਦੀ ਰਾਸ਼ੀ ਵਸੂਲਣ ਲਈ ਨੋਟਿਸ ਭੇਜੇ ਗਏ, ਜਿਸ ਦਾ ਜਮ ਕੇ ਵਿਰੋਧ ਹੋਇਆ ਸੀ ਅਤੇ ਟਰੱਸਟ ਨੂੰ ਝੁਕਣਾ ਪਿਆ ਸੀ। ਇਸ ਵਾਰ ਵੀ ਟਰੱਸਟ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਲੋਕਾਂ ਵਲੋਂ ਮੌਜੂਦ ਵਿਧਾਇਕ ਸਮੇਤ, ਸੰਸਦ ਤੇ ਮੰਤਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਸੂਰਿਆ ਐਨਕਲੇਵ ਵਿਚ 3 ਕੈਟਾਗਰੀ ਵਿਚ ਹੋਵੇਗੀ ਵਸੂਲੀ
170 ਏਕੜ ਸੂਰਿਆ ਐਨਕਲੇਵ ਸਕੀਮ ਵਿਚ 3 ਦਰਾਂ ਦੇ ਹਿਸਾਬ ਨਾਲ ਇਨਹਾਂਸਮੈਂਟ ਵਸੂਲ ਹੋਵੇਗੀ। ਇਸ ਵਿਚ ਜੋ 3 ਕੈਟਾਗਰੀਆਂ ਬਣਾਈਆਂ ਗਈਆਂ ਹਨ, ਉਸ ’ਚੋਂ ਜੀ. ਟੀ. ਰੋਡ ਦੇ ਨਾਲ ਲੱਗਦੇ 240 ਫੁੱਟ ਰਕਬੇ ਵਾਲੀ ਸਕੀਮ ਦੇ ਕੈਟਾਗਰੀ-ਏ ਤੋਂ  46133 ਰੁਪਏ ਪ੍ਰਤੀ ਮਰਲਾ, ਕੈਟਾਗਰੀ-2 ਛੱਪੜ ਦੇ ਅਧੀਨ ਆਉਂਦੀ ਜ਼ਮੀਨ ਤੋਂ 15045 ਜਦਕਿ ਬਾਕੀ ਦੀ ਜ਼ਮੀਨ ਕੈਟਾਗਰੀ-ਸੀ ਦੇ ਪਲਾਟ ਹੋਲਡਰਾਂ ਤੋਂ 28365 ਰੁਪਏ ਪ੍ਰਤੀ ਮਰਲਾ ਦੇ ਹਿਸਾਬ ਨਾਲ ਇਨਹਾਂਸਮੈਂਟ ਦੀ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ। ਇਸ ਤਰ੍ਹਾਂ ਨਾਲ ਉਕਤ ਸਕੀਮ ਦੀ ਕੈਟਾਗਰੀ-ਏ ਤੋਂ 4,46,56,744, ਕੈਟਾਗਰੀ-2 ਤੋਂ 24,22, 396 ਰੁਪਏ, ਜਦਕਿ ਕੈਟਾਗਰੀ-ਸੀ ਤੋਂ 64,86,29,315 ਰੁਪਏ ਵਸੂਲੇ ਜਾਣਗੇ। ਇਸ ਤਰ੍ਹਾਂ ਨਾਲ ਇਸ ਸਕੀਮ ਤੋਂ 69,57,08,455ਰੁਪਏ ਦੀ ਰਿਕਵਰੀ ਦੀ ਉਮੀਦ ਹੈ। ਕੁਲ ਮਿਲਾ ਕੇ 69,57,08,455 ਅਨੁਮਾਨਿਤ ਰਾਸ਼ੀ ਸੂਰਿਆ ਐਨਕਲੇਵ ਤੋਂ ਵਸੂਲਣ ਦੀ ਸੂਚੀ ਤਿਆਰ ਕੀਤੀ ਗਈ ਹੈ। 
70.5 ਏਕੜ ਤੋਂ ਵਸੂਲੇ ਜਾਣਗੇ 4740 ਪ੍ਰਤੀ ਮਰਲਾ
ਟਰੱਸਟ ਵਲੋਂ ਜੋ ਅਨੁਮਾਨਿਤ ਸੂਚੀ ਤਿਆਰ ਕੀਤੀ ਗਈ ਹੈ, ਉਸ ਮੁਤਾਬਕ 70.5 ਏਕੜ ਸਕੀਮ ਤੋਂ 4740 ਰੁਪਏ  ਪ੍ਰਤੀ  ਮਰਲਾ ਦੀ ਰਾਸ਼ੀ ਵਸੂਲ ਕੀਤੀ ਜਾਣੀ ਹੈ। ਇਸ ਮੁਤਾਬਕ ਟਰੱਸਟ ਵਲੋਂ ਇਸ ਸਕੀਮ ਨਾਲ 6, 14,54,564 ਰੁਪਏ ਦੀ ਰਕਮ ਵਸੂਲੀ ਜਾਵੇਗੀ।   ਟਰੱਸਟ ਵਲੋਂ ਰਾਸ਼ੀ ਵਸੂਲ ਕਰ ਕੇ ਕਿਸਾਨਾਂ ਨੂੰ ਅਦਾ ਕੀਤੀ ਜਾਣੀ ਹੈ। 74.9 ਏਕੜ ਸਕੀਮ ਤੋਂ ਜੋ ਵਸੂਲੀ ਹੋਵੇਗੀ, ਉਸਦੀ ਰਾਸ਼ੀ 26,10,48, 889 ਰੁਪਏ ਬਣਦੀ ਹੈ। ਟਰੱਸਟ ਵਲੋਂ ਜੋ ਰਾਸ਼ੀ ਅਦਾ ਕੀਤੀ ਜਾਣੀ ਹੈ, ਉਸ ਲਈ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਸ ਲਈ ਨੋਟਿਸ ਡਾਕ ਦੇ ਜ਼ਰੀਏ ਭੇਜੇ ਜਾਣਗੇ ਤੇ ਨਾਲ ਹੀ ਨਾਲ ਕਾਲੋਨੀ ਵਿਚ ਨੋਟਿਸ ਲਗਾਉਣ ਦੀ ਪ੍ਰਕਿਰਿਆ ਅਪਣਾਈ ਜਾਵੇਗੀ। ਆਉਣ ਵਾਲੇ ਦਿਨਾਂ ਵਿਚ ਇਨਹਾਂਸਮੈਂਟ ਦਾ ਮੁੱਦਾ ਹੋਰ ਵੀ ਗਰਮ ਹੋਵੇਗਾ ਅਤੇ ਟਰੱਸਟ ਅਧਿਕਾਰੀਆਂ  ਲਈ ਪ੍ਰੇਸ਼ਾਨੀ ਖੜ੍ਹੀ ਕਰੇਗਾ। 
 


Related News