ਉਧਾਰ ਲਏ 25 ਲੱਖ ਮੋੜਨ ਲਈ ਇੰਝ ਠੱਗੇ 10 ਲੱਖ ਰੁਪਏ ਠੱਗੇ, ਜਾਂਚ ਤੋਂ ਬਾਅਦ ਕੇਸ

10/22/2022 5:33:19 PM

ਜਲੰਧਰ (ਵਰੁਣ)– 35 ਲੱਖ ਰੁਪਏ ਦਾ ਫਰਾਡ ਕਰਨ ਵਾਲੇ ਫੈਮਿਲੀ ਫਰੈਂਡ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮ ਨੇ ਪਹਿਲਾਂ ਤਾਂ 25 ਲੱਖ ਰੁਪਏ ਉਧਾਰ ਲਏ ਨਹੀਂ ਮੋੜੇ ਅਤੇ ਫਿਰ 35 ਲੱਖ ਦੀ ਕੀਮਤ ਦੀ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ ਪੀੜਤ ਕੋਲੋਂ 10 ਲੱਖ ਰੁਪਏ ਹੋਰ ਠੱਗ ਲਏ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਨਾਮਜ਼ਦ ਕੀਤੇ ਮੁਲਜ਼ਮ ਦੀ ਪਛਾਣ ਕੇਵਲ ਵਿਹਾਰ ਦੇ ਰਹਿਣ ਵਾਲੇ ਹਰਕੀਰਤ ਸਿੰਘ ਪੁੱਤਰ ਸਤਵੰਤ ਸਿੰਘ ਵਜੋਂ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਹਿਮਾਂਸ਼ੂ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਨਿਵਾਸੀ ਰੈਡੀਸਨ ਐਨਕਲੇਵ, ਫ੍ਰੈਂਡਜ਼ ਕਾਲੋਨੀ ਨੇ ਦੱਸਿਆ ਕਿ ਹਰਕੀਰਤ ਸਿੰਘ ਨਾਲ ਉਸ ਦੀ ਕਾਫ਼ੀ ਪੁਰਾਣੀ ਜਾਣ-ਪਛਾਣ ਸੀ ਅਤੇ ਦੋਵਾਂ ਦਾ ਇਕ-ਦੂਜੇ ਦੇ ਘਰਾਂ ਵਿਚ ਆਉਣ-ਜਾਣ ਵੀ ਸੀ। ਜੂਨ 2015 ਨੂੰ ਹਰਕੀਰਤ ਸਿੰਘ ਨੇ ਉਸ ਕੋਲੋਂ 25 ਲੱਖ ਰੁਪਏ ਉਧਾਰ ਲਏ ਸਨ ਅਤੇ ਭਰੋਸਾ ਦਿੱਤਾ ਸੀ ਕਿ 3 ਮਹੀਨਿਆਂ ਬਾਅਦ ਉਹ ਪੈਸੇ ਵਾਪਸ ਕਰ ਦੇਵੇਗਾ।
ਹਿਮਾਂਸ਼ੂ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਵਿਚਕਾਰ ਪੈਸਿਆਂ ਦਾ ਲੈਣ-ਦੇਣ ਚੱਲਦਾ ਰਿਹਾ ਸੀ ਪਰ 3 ਮਹੀਨੇ ਬੀਤਣ ਤੋਂ ਬਾਅਦ ਹਰਕੀਰਤ ਸਿੰਘ ਨੇ ਉਸਦੇ ਪੈਸੇ ਨਹੀਂ ਮੋੜੇ। 2 ਸਾਲ ਮੁਲਜ਼ਮ ਹਿਮਾਂਸ਼ੂ ਨੂੰ ਟਾਲਮਟੋਲ ਕਰਦਾ ਰਿਹਾ ਅਤੇ ਫਿਰ 2017 ਵਿਚ ਉਸਨੇ ਹਿਮਾਂਸ਼ੂ ਨਾਲ ਗੜ੍ਹਾ ਸਥਿਤ 8 ਮਰਲੇ ਦੇ ਪਲਾਟ ਬਾਰੇ ਗੱਲ ਕੀਤੀ।

ਇਹ ਵੀ ਪੜ੍ਹੋ: ਜਲੰਧਰ-ਜੰਮੂ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਚਾਲਕ ਦੀ ਮੌਤ
ਹਰਕੀਰਤ ਸਿੰਘ ਨੇ ਕਿਹਾ ਕਿ ਉਕਤ ਪਲਾਟ ਦੀ ਕੀਮਤ 35 ਲੱਖ ਹੈ, ਉਹ ਪਲਾਟ ਉਸਦੇ ਦੇ ਨਾਂ ਕਰ ਦੇਵੇਗਾ ਅਤੇ ਬਦਲੇ ਵਿਚ ਉਸਨੂੰ 10 ਲੱਖ ਰੁਪਏ ਦੇਣੇ ਹੋਣਗੇ। ਹਿਮਾਂਸ਼ੂ ਨੇ ਕਿਹਾ ਕਿ ਉਸ ਸਮੇਂ ਦੋਵਾਂ ਧਿਰਾਂ ਦੇ ਲੋਕ ਵੀ ਬੈਠੇ ਹੋਏ ਸਨ। ਹਿਮਾਂਸ਼ੂ ਨੇ ਉਸਦੀ ਗੱਲ ਮੰਨ ਲਈ ਅਤੇ ਫਰਵਰੀ 2018 ਤੱਕ ਉਸ ਨੂੰ ਨਕਦ 10 ਲੱਖ ਰੁਪਏ ਦੇ ਦਿੱਤੇ, ਜਿਸ ਤੋਂ ਬਾਅਦ ਹਰਕੀਰਤ ਸਿੰਘ ਨੇ ਉਸ ਦੇ ਨਾਂ ’ਤੇ ਬਿਆਨਾ ਕਰ ਦਿੱਤਾ ਪਰ ਰਜਿਸਟਰੀ ਦੀ ਤਰੀਕ ਨੇੜੇ ਆਈ ਤਾਂ ਹਰਕੀਰਤ ਫਿਰ ਤੋਂ ਟਾਲਮਟੋਲ ਕਰਨ ਲੱਗਾ।
ਇਸੇ ਦੌਰਾਨ ਹਿਮਾਂਸ਼ੂ ਨੂੰ ਪਤਾ ਲੱਗਾ ਕਿ ਹਰਕੀਰਤ ਨੇ ਹੋਰ ਵੀ ਲੋਕਾਂ ਦੇ ਪੈਸੇ ਦੇਣੇ ਹਨ ਅਤੇ ਉਨ੍ਹਾਂ ਨਾਲ ਵੀ ਪਲਾਟ ਵੇਚਣ ਦੀ ਗੱਲ ਕਰ ਰਿਹਾ ਹੈ। ਉਸਨੇ ਜਦੋਂ ਹਰਕੀਰਤ ਨਾਲ ਗੱਲ ਕੀਤੀ ਤਾਂ ਉਹ ਮੁੱਕਰ ਗਿਆ ਅਤੇ ਕਹਿਣ ਲੱਗਾ ਕਿ ਪ੍ਰਾਪਰਟੀ ਉਸੇ ਦੇ ਨਾਂ ਹੋਵੇਗੀ। 15 ਦਸੰਬਰ 2021 ਨੂੰ ਬਿਆਨੇ ਦੀ ਆਖਰੀ ਤਰੀਕ ਸੀ ਪਰ ਹਰਕੀਰਤ ਰਜਿਸਟਰੀ ਕਰਵਾਉਣ ਨਹੀਂ ਆਇਆ।
ਹਿਮਾਂਸ਼ੂ ਸ਼ਰਮਾ ਨੇ ਜਦੋਂ ਆਪਣੇ ਪੱਧਰ ’ਤੇ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਹਰਕੀਰਤ 24 ਅਗਸਤ 2020 ਨੂੰ ਹੀ ਉਕਤ ਪ੍ਰਾਪਰਟੀ ਕਿਸੇ ਹੋਰ ਨੂੰ ਵੇਚ ਚੁੱਕਾ ਹੈ। ਹਿਮਾਂਸ਼ੂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਹਰਕੀਰਤ ਖ਼ਿਲਾਫ਼ ਧੋਖਾਧਡ਼ੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ। ਥਾਣਾ ਇੰਚਾਰਜ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਜਲਦ ਹਰਕੀਰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News