40 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 1 ਕਾਬੂ

01/12/2019 12:14:07 AM

ਕਾਠਗੜ੍ਹ, (ਰਾਜੇਸ਼)- ਬੀਤੀ  ਰਾਤ ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਪੈਂਦੀ ਪੁਲਸ ਚੌਕੀ ਆਸਰੋਂ ਵਿਖੇ ਪੁਲਸ ਨੇ ਨਾਕੇ  ਦੌਰਾਨ 480 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐੱਸ.ਐੱਚ.ਓ. ਜਾਗਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ  ਵਾਹਨਾਂ ਦੀ ਚੈਕਿੰਗ ਲਈ ਆਸਰੋਂ ਚੌਕੀ ਦੇ ਏ. ਐੱਸ. ਆਈ. ਪਲਵਿੰਦਰ  ਸਿੰਘ ਦੀ ਅਗਵਾਈ ਵਿਚ ਨਾਕਾ ਲਾਇਆ ਗਿਆ ਸੀ, ਜਿਸ ਦੌਰਾਨ ਰੋਪੜ ਸਾਈਡ ਤੋਂ ਆ ਰਹੀ ਇਕ  ਕੁਆਲਿਸ ਗੱਡੀ  ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ ਨੂੰ ਜਦੋਂ  ਨਾਕੇ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਦੇ ਚਾਲਕ ਨੇ ਗੱਡੀ ਨੂੰ ਭਜਾਉਣਾ ਚਾਹਿਆ  ਪਰ ਬੈਰੀਕੇਡ ਲੱਗੇ ਹੋਣ ਕਾਰਨ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਗੱਡੀ ਨੂੰ ਕਾਬੂ ਕਰ ਲਿਆ  ਗਿਆ ਅਤੇ ਗੱਡੀ ਵਿਚ ਬੈਠੇ 2 ਵਿਅਕਤੀ ਹਨੇਰੇ ਦਾ ਫਾਇਦਾ ਲੈਂਦੇ ਹੋਏ ਮੌਕੇ ਤੋਂ ਭੱਜ ਗਏ  ਜਦਕਿ ਪਿਛਲੀ ਸੀਟ ’ਤੇ ਬੈਠੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਜਿਸ ਨੇ ਆਪਣਾ ਨਾਂ  ਧਰਮਪਾਲ ਪੁੱਤਰ ਦੁਰਗਾ ਦਾਸ ਵਾਸੀ ਹਾਜ਼ੀਪੁਰ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਦੱਸਿਆ  ਜਦਕਿ ਫਰਾਰ ਹੋਏ ਗੱਡੀ ਚਾਲਕ ਦਾ ਨਾਮ ਮੋਨੂੰ ਅਤੇ ਨਾਲ ਬੈਠੇ ਵਿਅਕਤੀ ਦਾ ਨਾਮ ਬਲਿਹਾਰ  ਸਿੰਘ ਪੁੱਤਰਾਨ ਦਲਵਿੰਦਰ ਪਾਲ ਵਾਸੀ ਗੋਲੀਆਂ ਥਾਣਾ ਗੜ੍ਹਸ਼ੰਕਰ (ਹੁਸ਼ਿਆਰਪੁਰ) ਹੈ।  ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ਦੀ ਡਿੱਗੀ ਵਿਚੋਂ 40 ਪੇਟੀਆਂ  ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ  ਕੇ  ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Related News