UK ਤੋਂ ਦਿੱਲੀ ਉਤਰਨ ਵਾਲਿਆਂ ਲਈ RT-PCR ਟੈਸਟ ਇਸ ਤਾਰੀਖ਼ ਤੱਕ ਲਾਜ਼ਮੀ

Thursday, Jan 14, 2021 - 09:49 PM (IST)

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਕੋਵਿਡ-19 ਦੇ ਨਵੇਂ ਖ਼ਤਰਨਾਕ ਰੂਪ ਦੇ ਮੱਦੇਨਜ਼ਰ ਯੂ. ਕੇ. ਤੋਂ ਰਾਸ਼ਟਰੀ ਰਾਜਧਾਨੀ ਆਉਣ ਵਾਲੇ ਹਵਾਈ ਯਾਤਰੀਆਂ ਲਈ ਵੀਰਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਯੂ. ਕੇ. ਤੋਂ ਰਾਸ਼ਟਰੀ ਰਾਜਧਾਨੀ ਆਉਣ ਵਾਲੇ ਯਾਤਰੀਆਂ ਲਈ ਆਰ. ਟੀ.-ਪੀ. ਸੀ. ਆਰ. ਟੈਸਟ ਲਾਜ਼ਮੀ ਹੋਵੇਗਾ ਅਤੇ ਟੈਸਟ ਦਾ ਖ਼ਰਚ ਵੀ ਯਾਤਰੀ ਖ਼ੁਦ ਕਰਨਗੇ।

ਦਿੱਲੀ ਸਰਕਾਰ ਨੇ ਕਿਹਾ ਹੈ ਕਿ ਜੋ ਯਾਤਰੀ ਪਾਜ਼ੀਟਿਵ ਪਾਏ ਜਾਣਗੇ ਉਨ੍ਹਾਂ ਨੂੰ ਇਕ ਵੱਖਰੇ ਕਮਰੇ ਵਿਚ ਇਕਾਂਤਵਾਸ ਵਿਚ ਰੱਖਿਆ ਜਾਵੇਗਾ।

ਦਿੱਲੀ ਸਰਕਾਰ ਨੇ 8 ਜਨਵਰੀ ਨੂੰ ਯੂ. ਕੇ. ਤੋਂ ਆਉਣ ਵਾਲੇ ਹਵਾਈ ਯਾਤਰੀਆਂ ਲਈ ਇਹ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜੋ 14 ਜਨਵਰੀ ਤੱਕ ਲਈ ਸਨ ਪਰ ਹੁਣ ਇਸ ਨੂੰ 31 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ।

ਇਸ ਵਿਚਕਾਰ ਸਪਾਈਸ ਹੈਲਥ ਅਤੇ ਸਰਕਾਰੀ ਰਿਸਰਚ ਸੰਸਥਾ ਸੀ. ਐੱਸ. ਆਈ. ਆਰ.-ਆਈ. ਜੀ. ਆਈ. ਬੀ. ਨੇ ਵੀਰਵਾਰ ਨੂੰ ਦਿੱਲੀ ਏਅਰਪੋਰਟ 'ਤੇ ਇਕ ਜੀਨੋਮ ਸੀਕਨਸਿੰਗ ਪ੍ਰਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮੱਦੇਨਜ਼ਰ ਬ੍ਰਿਟੇਨ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਸਮੇਂ ਨਾਲ ਹੀ ਜਾਂਚ ਹੋ ਸਕੇ ਅਤੇ ਨਵੇਂ ਸਟ੍ਰੇਨ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਸਕੇ। 

ਦਿੱਲੀ ਏਅਰਪੋਰਟ 'ਤੇ ਪਹੁੰਚਣ 'ਤੇ ਆਰ. ਟੀ.-ਪੀ. ਸੀ. ਆਰ. ਟੈਸਟ ਵਿਚ ਪਾਜ਼ੀਟਿਵ ਪਾਏ ਜਾਣ ਵਾਲੇ ਸਾਰੇ ਕੌਮਾਂਤਰੀ ਯਾਤਰੀਆਂ ਦੇ ਨਮੂਨੇ ਇਸ ਜੀਨੋਮ ਸੀਕਨਸਿੰਗ ਲੈਬ ਵਿਚ ਭੇਜੇ ਜਾਣਗੇ। ਇਸ ਲੈਬ ਦੀ ਕੋਸ਼ਿਸ 48 ਘੰਟਿਆਂ ਤੋਂ ਘੱਟ ਸਮੇਂ ਵਿਚ ਜੇਕਰ ਕਿਸੇ ਵਿਚ ਨਵਾਂ ਸਟ੍ਰੇਨ ਹੈ ਤਾਂ ਉਸ ਦੀ ਪੁਸ਼ਟੀ ਕਰਨ ਦੀ ਹੋਵੇਗੀ। ਗੌਰਤਲਬ ਹੈ ਕਿ ਬ੍ਰਿਟੇਨ ਵਿਚ ਨਵੇਂ ਸਟ੍ਰੇਨ ਤੋਂ ਬਾਅਦ ਭਾਰਤ ਨੇ 23 ਦਸੰਬਰ 7 ਜਨਵਰੀ ਤੱਕ ਲਈ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ ਪਰ ਹੁਣ ਸੀਮਤ ਗਿਣਤੀ ਵਿਚ ਉਡਾਣਾਂ ਨੂੰ 8 ਜਨਵਰੀ ਤੋਂ ਮਨਜ਼ੂਰੀ ਦਿੱਤੀ ਗਈ ਹੈ।


Sanjeev

Content Editor

Related News