ਨੋਇਡਾ ’ਚ ਆਪਣੇ 40 ਮੰਜ਼ਿਲਾ 2 ਟਵਿਨ ਟਾਵਰਾਂ ਨੂੰ ਡੇਗਣ ਦੇ ਨਿਰਦੇਸ਼ ਵਿਰੁੱਧ ਸੁਪਰੀਮ ਕੋਰਟ ਪੁੱਜੀ ਸੁਪਰਟੈੱਕ
Thursday, Sep 30, 2021 - 01:38 PM (IST)
ਨਵੀਂ ਦਿੱਲੀ (ਭਾਸ਼ਾ) – ਰਿਐਲਿਟੀ ਕੰਪਨੀ ਸੁਪਰਟੈੱਕ ਲਿਮਟਿਡ ਨੇ ਨੋਇਡਾ ਿਵਚ ਆਪਣੇ 40 ਮੰਜ਼ਿਲਾ ਦੋ ਟਵਿਨ ਟਾਵਰਾਂ ਨੂੰ ਡੇਗਣ ਦੇ ਨਿਰਦੇਸ਼ ਵਿਚ ਸੋਧ ਦੀ ਅਪੀਲ ਕਰਦੇ ਹੋਏ ਬੁੱਧਵਾਰ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਕੰਪਨੀ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਉਹ ਭਵਨ ਨਿਰਮਾਣ ਪੱਧਰ ਮੁਤਾਬਕ ਇਕ ਟਾਵਰ ਦੇ 224 ਫਲੈਟਾਂ ਨੂੰ ਅੰਸ਼ਿਕ ਰੂਪ ਨਾਲ ਡੇਗ ਦੇਵੇਗੀ। ਉਸ ਨੇ ਇਸ ਦੇ ਨਾਲ ਹੀ ਟਾਵਰ ਦੇ ਜ਼ਮੀਨੀ ਪੱਧਰ ’ਤੇ ਸਥਿਤ ਕਮਿਊਨਿਟੀ ਖੇਤਰ ਨੂੰ ਡੇਗਣ ਦੀ ਗੱਲ ਵੀ ਕਹੀ ਹੈ।
ਸੁਪਰਟੈੱਕ ਨੇ ਕਿਹਾ ਹੈ ਕਿ ਟਾਵਰ 17 (ਸੇਯੇਨ) ਦੇ ਦੂਜੇ ਰਿਹਾਇਸ਼ੀ ਟਾਵਰ ਕੋਲ ਹੋਣ ਕਾਰਨ ਉਹ ਵਿਸਫੋਟਕਾਂ ਰਾਹੀਂ ਇਮਾਰਤ ਨੂੰ ਨਹੀਂ ਡੇਗ ਸਕਦੀ। ਇਸ ਨੂੰ ਹੌਲੀ-ਹੌਲੀ ਤੋੜਨਾ ਪਏਗਾ। ਕੰਪਨੀ ਨੇ ਕਿਹਾ ਕਿ ਪ੍ਰਸਤਾਵਿਤ ਸੋਧਾਂ ਦਾ ਸਭ ਦੇ ਹਿੱਤਾਂ ਦਾ ਆਧਾਰ ਇਹ ਹੈ ਕਿ ਜੇ ਇਸ ਦੀ ਪ੍ਰਵਾਨਗੀ ਮਿਲਦੀ ਹੈ ਤਾਂ ਕਰੋੜਾਂ ਰੁਪਏ ਦੇ ਸੋਮੇ ਬਰਬਾਦ ਹੋਣ ਤੋਂ ਬਚ ਜਾਣਗੇ ਕਿਉਂਕਿ ਉਹ ਟਾਵਰ ਟੀ-16 (ਐਪੇਕਸ) ਅਤੇ ਟਾਵਰ ਟੀ-17 (ਸੇਯੇਨ) ਦੇ ਨਿਰਮਾਣ ਵਿਚ ਪਹਿਲਾਂ ਹੀ ਕਰੋੜਾਂ ਰੁਪਏ ਦੀ ਸਮੱਗਰੀ ਦੀ ਵਰਤੋਂ ਕਰ ਚੁੱਕੀ ਹੈ।
ਕੰਪਨੀ ਨੇ ਨਾਲ ਹੀ ਕਿਹਾ ਕਿ ਉਹ 31 ਅਗਸਤ ਦੇ ਹੁਕਮ ਦੀ ਸਮੀਖਿਆ ਦੀ ਅਪੀਲ ਨਹੀਂ ਕਰ ਰਹੀ। ਇਸ ਵਿਚ ਕਿਹਾ ਗਿਆ ਹੈ ਕਿ ਟਾਵਰਾਂ ਦੇ ਨਿਰਮਾਣ ਵਿਚ ਭਾਰੀ ਮਾਤਰਾ ਵਿਚ ਇਸਪਾਤ ਅਤੇ ਸੀਮੈਂਟ ਦੀ ਖਪਤ ਹੋਈ ਹੈ। ਇਸ ਤੋਂ ਇਲਾਵਾ ਮਨੁੱਖੀ ਮਿਹਨਤ ਸਮੇਤ ਕਈ ਹੋਰ ਸਮੱਗਰੀਆਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਜੋ ਟਾਵਰਾਂ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦੇਣ ਨਾਲ ਕਬਾੜ ਬਣ ਜਾਣਗੇ।