ਲੱਖਾ ਸਿਧਾਣਾ ਲਈ ਰਾਹਤ ਦੀ ਖ਼ਬਰ: ਦਿੱਲੀ ''ਚ ਚੱਲ ਰਹੇ ਦੂਜੇ ਮਾਮਲੇ ''ਚ ਮਿਲੀ ਅੰਤਰਿਮ ਜ਼ਮਾਨਤ

Tuesday, Jun 29, 2021 - 10:55 PM (IST)

ਲੱਖਾ ਸਿਧਾਣਾ ਲਈ ਰਾਹਤ ਦੀ ਖ਼ਬਰ: ਦਿੱਲੀ ''ਚ ਚੱਲ ਰਹੇ ਦੂਜੇ ਮਾਮਲੇ ''ਚ ਮਿਲੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ (ਬਿਊਰੋ)- ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਦੋਸ਼ੀ ਲੱਖਾ ਸਿਧਾਣਾ 'ਤੇ ਚੱਲ ਰਹੇ ਵੱਖ-ਵੱਖ ਮਾਮਲਿਆਂ 'ਚੋਂ ਇਕ ਹੋਰ ਕੇਸ 'ਚ ਉਸ ਨੂੰ ਅੰਤਰਿਮ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਲੱਖਾ ਸਿਧਾਣਾ ਨੂੰ ਇਹ ਅੰਤਰਿਮ ਜ਼ਮਾਨਤ ਸਿਰਫ਼ 2 ਹਫ਼ਤਿਆਂ ਲਈ ਹੀ ਮਿਲੀ ਹੈ। 2 ਹਫ਼ਤਿਆਂ ਤੱਕ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਲੱਖਾ ਸਿਧਾਣਾ ਨੂੰ ਪੁਲਸ ਥਾਣੇ 'ਚ ਪੇਸ਼ ਹੋਣ ਲਈ ਅਤੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। 

ਕੀ ਸੀ ਮਾਮਲਾ
ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਲੱਖਾ ਸਿਧਾਣਾ 'ਤੇ ਵੱਖ-ਵੱਖ ਧਾਰਾਵਾਂ ਹੇਠ ਕਈ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ 'ਚੋਂ ਇਕ ਮਾਮਲਾ ਬੈਰੀਕੇਟ ਤੋੜ ਕੇ ਹਿੰਸਾ ਭੜਕਾਉਣ ਤੇ ਪੁਲਸ ਕਰਮਚਾਰੀਆਂ ਦੇ ਹਥਿਆਰ ਖੋਹਣ ਦਾ ਸੀ, ਜਿਸ 'ਚ ਹੁਣ ਉਸ ਨੂੰ 2 ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਮਿਲੀ ਹੈ। 

PunjabKesari
ਦੱਸ ਦਈਏ ਕਿ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮਾਮਲੇ 'ਚ ਦੋਸ਼ੀ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ 'ਤੇ ਅਗਲੇ ਆਦੇਸ਼ ਤੱਕ ਰੋਕ ਲਗਾ ਦਿੱਤੀ ਹੈ। ਐਡੀਸ਼ਨਲ ਸੈਸ਼ਨ ਜੱਜ ਨੀਲੋਫ਼ਰ ਆਬਿਦਾ ਪਰਵੀਨ ਨੇ ਲੱਖਾ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ 3 ਜੁਲਾਈ ਨੂੰ ਸੁਣਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਦਿੱਲੀ ਪੁਲਸ ਨੂੰ 3 ਜੁਲਾਈ ਤੱਕ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ। ਸੁਣਵਾਈ ਦੌਰਾਨ ਲੱਖਾ ਵਲੋਂ ਪੇਸ਼ ਵਕੀਲ ਰਮੇਸ਼ ਗੁਪਤਾ ਨੇ ਕਿਹਾ ਕਿ ਉਸ ਦਾ ਲਾਲ ਕਿਲ੍ਹੇ 'ਚ ਹੋਈ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਸ ਨੇ ਵੀ ਸਵੀਕਾਰ ਕੀਤਾ ਹੈ ਕਿ ਲੱਖਾ ਨੇ 26 ਜਨਵਰੀ ਨੂੰ ਲਾਲ ਕਿਲ੍ਹੇ 'ਚ ਪ੍ਰਵੇਸ਼ ਨਹੀਂ ਕੀਤਾ ਸੀ।

19 ਜੂਨ ਨੂੰ ਮੈਟਰੋਪਾਲਿਟਨ ਮੈਜਿਸਟਰੇਟ ਨੇ ਲਾਲ ਕਿਲ੍ਹੇ 'ਤੇ ਹਿੰਸਾ ਨੂੰ ਲੈ ਕੇ ਦਿੱਲੀ ਪੁਲਸ ਵਲੋਂ ਦਾਇਰ ਚਾਰਜਸ਼ੀਟ 'ਤੇ ਨੋਟਿਸ ਲਿਆ ਸੀ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕਬਜ਼ੇ ਦੀ ਸਾਜਿਸ਼ ਰਚੀ ਗਈ ਸੀ ਅਤੇ ਲਾਲ ਕਿਲ੍ਹੇ ਨੂੰ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣਾਉਣ ਦੀ ਯੋਜਨਾ ਸੀ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਗਣਤੰਤਰ ਦਿਵਸ ਦੇ ਦਿਨ ਹਿੰਸਾ ਫ਼ੈਲਾਉਣ ਦੀ ਸਾਜਿਸ਼ ਸੀ। ਇਸ ਹਿੰਸਾ ਰਾਹੀਂ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਗਈ ਸੀ। 

ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਪਹਿਲਾਂ ਲੱਖਾ ਸਿਧਾਣਾ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਸਾਲ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਖੇ ਹੋਈ ਹਿੰਸਾ ਦੇ ਸੰਬੰਧ 'ਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ (ਕੇਂਦਰੀ ਦਿੱਲੀ) ਨੇ ਆਈ. ਪੀ. ਸੀ. ਦੀ ਧਾਰਾ 147, 148, 149, 152, 186, 353, 332, 307, 308, 395, 397, 427 ਅਤੇ 188 ਨਾਲ ਸੈਕਸ਼ਨ  25, 27, 54 ਅਤੇ 59 ਆਰਮਜ਼ ਐਕਟ, 1959 ਅਤੇ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਦੀ ਧਾਰਾ 3 ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਸੀ। 


author

sunita

Content Editor

Related News