ਕਿਸਾਨ ਕੱਲ੍ਹ ਕਰਨਗੇ ਭਾਰਤ ਬੰਦ, 28 ਮਾਰਚ ਨੂੰ ਮਨਾਉਣਗੇ ਕਾਲੀ ਹੋਲੀ
Thursday, Mar 25, 2021 - 12:13 PM (IST)
ਨਵੀਂ ਦਿੱਲੀ/ਹਰਿਆਣਾ- ਸੰਯੁਕਤ ਕਿਸਾਨ-ਮਜ਼ਦੂਰ ਮੋਰਚਾ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੱਲ੍ਹ ਯਾਨੀ 26 ਮਾਰਚ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਹੈ, ਇਸ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਜਥੇਬੰਦੀਆਂ ਨੇ ਇਸ ਤੋਂ ਇਲਾਵਾ ਇਸ ਵਾਰ ਕਾਲੀ ਹੋਲੀ ਮਨਾਉਣ ਦਾ ਵੀ ਫ਼ੈਸਲਾ ਲਿਆ ਹੈ। ਮੋਰਚੇ ਨੇ ਕਿਹਾ ਕਿ ਸਾਰੇ ਟੋਲ ਪਲਾਜ਼ਾ ਪੂਰਨ ਰੂਪ ਨਾਲ ਬੰਦ ਰੱਖੇ ਜਾਣਗੇ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦੀਆਂ ਹੋਰ ਵਸਤੂਆਂ ਨੂੰ ਪਿੰਡ ਤੋਂ ਸ਼ਹਿਰ ਨਹੀਂ ਭੇਜਿਆ ਜਾਵੇਗਾ। ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ। ਬੰਦ ਸਫ਼ਲ ਬਣਾਉਣ ਲਈ ਸਾਰੇ ਵਪਾਰਕ ਸੰਗਠਨਾਂ, ਜਨ ਸੰਗਠਨਾਂ, ਸਕੂਲ ਸੰਚਾਲਕਾਂ ਤੋਂ ਇਲਾਵਾ ਹੋਰ ਸੰਗਠਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੰਦ ਨੂੰ ਕਾਮਯਾਬ ਕਰਨ 'ਚ ਪੂਰਾ ਸਹਿਯੋਗ ਕਰਨ।
ਇਹ ਵੀ ਪੜ੍ਹੋ : ‘ਲੋੜ ਪਈ ਤਾਂ ਬੈਰੀਕੇਡ ਤੋੜ ਕੇ ਫਸਲ ਲੈ ਕੇ ਸੰਸਦ ’ਚ ਵੜਾਂਗੇ : ਟਿਕੈਤ’
ਰਿਕਸ਼ਾ ਚਾਲਕ ਸੰਘ ਅਤੇ ਆਟੋ ਰਿਕਸ਼ਾ ਚਾਲਕ ਸੰਘ ਨੂੰ ਵੀ ਬੰਦ 'ਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਅਤੇ ਅਖਿਲ ਭਾਰਤੀ ਵਪਾਰ ਮੰਡਲ ਦੇ ਰਾਸ਼ਟਰੀ ਜਨਰਲ ਸਕੱਤਰ ਬਜਰੰਗ ਗਰਗ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਦੇ ਵਿਰੋਧ 'ਚ ਕਿਸਾਨ ਸੰਗਠਨਾਂ ਨੂੰ ਭਾਰਤ ਬੰਦ ਦੇ ਸਮਰਥਨ 'ਚ ਹਰਿਆਣਾ ਦੀਆਂ ਸਾਰੀਆਂ ਮੰਡੀਆਂ 'ਚ ਵੀ ਹੜਤਾਲ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਨਾਜ ਦੀ ਖਰੀਦ ਅਤੇ ਉਸ ਦਾ ਭੁਗਤਾਨ ਆੜ੍ਹਤੀਆਂ ਦੇ ਮਾਧਿਅਮ ਨਾਲ ਨਹੀਂ ਕੀਤਾ ਤਾਂ ਹਰਿਆਣਾ ਦੇ ਸਾਰੇ ਆੜ੍ਹਤੀ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚੱਲੇ ਜਾਣਗੇ। ਸੰਯੁਕਤ ਕਿਸਾਨ ਮੋਰਚਾ ਦੀ ਅਪੀਲ 'ਤੇ 26 ਮਾਰਚ ਨੂੰ ਭਾਰਤ ਬੰਦ ਅਤੇ 28 ਮਾਰਚ ਨੂੰ ਕਾਲੀ ਹੋਲੀ ਮਨਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਕਿਸਾਨਾਂ ਨੇ ਸਰਕਾਰ ਨੂੰ ਦੇਸ਼ ਦੇ ਹਰ ਕਿਸਾਨ ਲਈ ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਮਹਾਰਾਸ਼ਟਰ ਦੇ ਇਕ ਹੋਰ ਜ਼ਿਲ੍ਹੇ ’ਚ 26 ਮਾਰਚ ਤੋਂ ਤਾਲਾਬੰਦੀ ਦਾ ਐਲਾਨ
ਨੋਟ : ਕਿਸਾਨਾਂ ਵਲੋਂ 26 ਮਾਰਚ ਨੂੰ ਬੰਦ ਦੇ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ