ਆਲ ਇੰਡੀਆ ਸਿੱਖ ਕੌਂਸਲ ਦੀ ਸ਼ਿਕਾਇਤ ''ਤੇ ਹਿਮਾਚਲ ਦੇ ਅਮਨ ਸੂਦ ''ਤੇ ਕੇਸ ਦਰਜ
Tuesday, Mar 25, 2025 - 06:25 PM (IST)

ਚੰਡੀਗੜ੍ਹ/ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਵਿਚ ਹਾਲ ਹੀ ਵਿਚ ਹੋਈ ਇਕ ਘਟਨਾ ਨੇ ਸੂਬੇ ਵਿਚ ਧਾਰਮਿਕ ਤਣਾਅ ਪੈਦਾ ਕਰ ਦਿੱਤਾ। ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਗੁਰਦੁਆਰਿਆਂ ਦੀ ਯਾਤਰਾ 'ਤੇ ਜਾ ਰਹੇ ਕੁਝ ਨੌਜਵਾਨਾਂ ਨਾਲ ਅਮਨ ਸੂਦ ਅਤੇ ਉਸਦੇ ਸਾਥੀਆਂ ਵੱਲੋਂ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ ਗਿਆ। ਦੌਰਾਨ, ਉਨ੍ਹਾਂ ਦੀਆਂ ਬਾਈਕਾਂ 'ਤੇ ਲੱਗੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਝੰਡੇ ਉਤਾਰੇ ਗਏ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਤੋਂ ਬਾਅਦ, ਰਾਸ਼ਟਰੀ ਮੀਡੀਆ ਵਿਚ ਸਿੱਖ ਕੌਮ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋ ਗਿਆ।
ਆਲ ਇੰਡੀਆ ਸਿੱਖ ਕੌਂਸਲ ਵੱਲੋਂ ਮਾਮਲੇ ਦੀ ਉਠਾਈ ਗਈ ਮੰਗ
ਇਸ ਗੰਭੀਰ ਮਾਮਲੇ ਨੂੰ ਦੇਖਦਿਆਂ, ਆਲ ਇੰਡੀਆ ਸਿੱਖ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਚਰਨਜੀਤ ਸਿੰਘ ਰਾਜਪੂਤ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇੱਕ ਪੱਤਰ ਭੇਜਿਆ। ਇਸ ਪੱਤਰ ਵਿੱਚ, ਉਨ੍ਹਾਂ ਨੇ ਸਾਰੇ ਘਟਨਾਕਰਮ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਅਮਨ ਸੂਦ ਨਾਂ ਦਾ ਵਿਅਕਤੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਪੂਤ ਨੇ ਇਹ ਵੀ ਦੱਸਿਆ ਕਿ ਅਮਨ ਸੂਦ ਅਤੇ ਉਸਦੇ ਸਾਥੀ ਸਿੱਖ ਕੌਮ ਦੀ ਇਮੇਜ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਚਰਨਜੀਤ ਸਿੰਘ ਰਾਜਪੂਤ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਯਾਦ ਦਿਲਾਇਆ ਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਪ੍ਰਾਣ ਵਾਰ ਦਿੱਤੇ। ਉਨ੍ਹਾਂ ਨੇ ਆਖਿਆ ਕਿ ਸਿੱਖ ਕਦੇ ਵੀ ਕਿਸੇ ਨਾਲ ਅਨਿਆਇਕ ਵਿਵਹਾਰ ਨਹੀਂ ਕਰਦੇ, ਪਰ ਜੇਕਰ ਕੋਈ ਸਾਡੀ ਕੌਮ ਦੀ ਇਜ਼ਤ ਉਤਾਰਣ ਦੀ ਕੋਸ਼ਿਸ਼ ਕਰੇਗਾ, ਤਾਂ ਉਹਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇਗੀ।
ਹਿਮਾਚਲ ਸਰਕਾਰ ਵੱਲੋਂ ਤੁਰੰਤ ਕਾਰਵਾਈ
ਆਲ ਇੰਡੀਆ ਸਿੱਖ ਕੌਂਸਲ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ, ਹਿਮਾਚਲ ਸਰਕਾਰ ਤੁਰੰਤ ਹਿਲ ਚੁੱਕੀ ਅਤੇ ਅਮਨ ਸੂਦ 'ਤੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਖ਼ਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਜੋ ਰਾਜ ਦੀ ਸ਼ਾਂਤੀ ਅਤੇ ਸਾਂਝੀ ਸਾਂਸਕ੍ਰਿਤਿਕ ਵਿਰਾਸਤ ਨੂੰ ਨੁਕਸਾਨ ਪਹੁੰਚਾਏਗਾ, ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਧਰਮ ਜਾਂ ਭਾਈਚਾਰੇ ਦੀ ਇਜ਼ਤ ਉਤਾਰਨ ਦੀ ਕੋਸ਼ਿਸ਼ ਨਹੀਂ ਹੋਣ ਦਿੱਤੀ ਜਾਵੇਗੀ।