‘ਅਪ੍ਰੈਲ ਦੇ ਉਦਯੋਗਿਕ ਉਤਪਾਦਨ ਦੇ ਪੂਰੇ ਅੰਕੜੇ ਜਾਰੀ ਨਹੀਂ ਕਰੇਗੀ ਸਰਕਾਰ’
Saturday, Jun 12, 2021 - 07:36 PM (IST)

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਅਪ੍ਰੈਲ ਮਹੀਨੇ ਦੇ ਉਦਯੋਗਿਕ ਉਤਪਾਦਨ (ਆਈ. ਆਈ. ਪੀ.) ਦੇ ਪੂਰੇ ਅੰਕੜੇ ਜਾਰੀ ਨਾ ਕਰਨ ਦਾ ਫੈਸਲਾ ਕੀਤਾ ਹੈ। ਕੋਵਿਡ-19 ਮਹਾਮਾਰੀ ਕਾਰਨ ਲਾਗੂ ਲਾਕਡਾਊਨ ਕਾਰਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਪਿਛਲੇ ਸਾਲ ਵੀ ਇਸੇ ਮਹੀਨੇ ’ਚ ਸਰਕਾਰ ਨੇ ਅਜਿਹਾ ਹੀ ਕੀਤਾ ਸੀ। ਪਿਛਲੇ ਸਾਲ ਜੂਨ ’ਚ ਨੈਸ਼ਨਲ ਸਟੈਟਿਕਸ ਆਫਿਸ (ਐੱਨ. ਐੱਸ. ਓ.) ਨੇ ਕਾਰਖਾਨਾ ਉਤਪਾਦਨ ’ਤੇ ਰਾਸ਼ਟਰ ਵਿਆਪੀ ਲਾਕਡਾਊਨ ਕਾਰਨ ਆਈ. ਆਈ. ਪੀ. ਦੇ ਪੂਰੇ ਅੰਕੜਿਆਂ ਨੂੰ ਰੋਕ ਲਿਆ ਸੀ। ਇਸ ਸਾਲ ਵੀ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਵੱਖ-ਵੱਖ ਸੂਬਿਆਂ ’ਚ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਦਯੋਗਿਕ ਉਤਪਾਦਨ ਪ੍ਰਭਾਵਿਤ ਹੋਇਆ ਹੈ।
ਐੱਨ. ਐੱਸ. ਓ. ਵਲੋਂ ਜਾਰੀ ਅੰਸ਼ਿਕ ਅੰਕੜਿਆਂ ਮੁਤਾਬਕ ਇਸ ਸਾਲ ਅਪ੍ਰੈਲ ’ਚ ਆਈ. ਆਈ. ਪੀ. (ਸਾਧਾਰਣ ਸੂਚਕ ਅੰਕ) 126.6 ਅੰਕ ਰਿਹਾ ਹੈ। ਅਪ੍ਰੈਲ 2020 ’ਚ ਆਈ. ਆਈ. ਪੀ. ’ਚ 54 ਅੰਕ ਅਤੇ ਅਪ੍ਰੈਲ 2019 ’ਚ 126.5 ਅੰਕ ਰਿਹਾ ਸੀ। ਅਪ੍ਰੈਲ 2020 ’ਚ ਉਦਯੋਗਿਕ ਉਤਪਾਦਨ ’ਚ 57.3 ਫੀਸਦੀ ਦੀ ਗਿਰਾਵਟ ਆਈ ਸੀ।