ਸੁਖਪਾਲ ਖਹਿਰਾ ਨੂੰ ਮਿਲਣ ਦੀ ਇਜਾਜ਼ਤ ਨਾ ਦੇਣਾ ਲੋਕਤੰਤਰੀ ਅਧਿਕਾਰਾਂ ਦੀ ਉਲੰਘਣਾ : ਪ੍ਰਤਾਪ ਬਾਜਵਾ
Friday, Sep 29, 2023 - 05:08 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੂਰੀ ਤਰਾਂ ਪੁਲਸ ਸੂਬਾ ਬਣਾ ਦਿੱਤਾ ਗਿਆ ਹੈ, ਜਿੱਥੇ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਬੇਰਹਿਮੀ ਨਾਲ ਦਬਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ
ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦਿਆਂ ਦੇ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਦਿਆਂ ਸੀਆਈਏ ਸਟਾਫ਼ ਫ਼ਾਜ਼ਿਲਕਾ ਨੇ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੇ ਵਫ਼ਦ ਨੂੰ ਗ੍ਰਿਫ਼ਤਾਰ ਕੀਤੇ ਗਏ ਭੁਲੱਥ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। 'ਆਪ' ਸਰਕਾਰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ ਅਤੇ ਹੁਣ ਬਦਲਾਖੋਰੀ ਦੀ ਸੌੜੀ ਰਾਜਨੀਤੀ ਦਾ ਸਹਾਰਾ ਲੈ ਰਹੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਬਾਅ ਦੀਆਂ ਅਜਿਹੀਆਂ ਚਾਲਾਂ ਅੱਗੇ ਨਹੀਂ ਝੁਕੇਗੀ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੂੰ ਲੈ ਕੇ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਵਿਅਕਤੀਆਂ ਨੇ ਖੋਲ੍ਹ 'ਤਾ ਸਾਰਾ ਕੱਚਾ-ਚਿੱਠਾ
ਬਾਜਵਾ ਨੇ ਕਿਹਾ ਕਿ ਜਵਾਬਦੇਹ ਹੋਣ ਦੀ ਬਜਾਏ 'ਆਪ' ਸਰਕਾਰ ਨੇ ਉਨ੍ਹਾਂ ਦੀ ਆਵਾਜ਼ ਨੂੰ ਸਖ਼ਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੰਜਾਬ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕਪੂਰਥਲਾ ਦੇ ਦੋ ਭਰਾਵਾਂ ਨੇ ਹਾਲ ਹੀ ਵਿੱਚ ਜਲੰਧਰ ਦੇ ਐੱਸਐੱਚਓ ਨਵਦੀਪ ਸਿੰਘ ਦੁਆਰਾ ਕਥਿਤ ਤੌਰ 'ਤੇ ਅਪਮਾਨਿਤ ਕੀਤੇ ਜਾਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ। 'ਆਪ' ਨੇ ਦੋਸ਼ੀ ਐੱਸਐੱਚਓ ਨੂੰ ਭੱਜਣ ਲਈ ਕਾਫ਼ੀ ਸਮਾਂ ਦਿੱਤਾ। ਹੁਣ ਸਰਕਾਰ ਅਜੇ ਵੀ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਨਹੀਂ ਹੋਈ ਹੈ। ਮੁਕਤਸਰ ਦੇ ਵਕੀਲ 'ਤੇ ਹਮਲਾ ਅਤੇ ਬੇਇੱਜ਼ਤੀ ਦੇ ਮਾਮਲੇ 'ਚ ਵਕੀਲ ਭਾਈਚਾਰੇ ਵੱਲੋਂ ਸਰਕਾਰ 'ਤੇ ਦਬਾਅ ਪਾਉਣ ਤੋਂ ਬਾਅਦ ਹੀ 'ਆਪ' ਸਰਕਾਰ ਹਰਕਤ 'ਚ ਆਈ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਸੁਖਪਾਲ ਖਹਿਰਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਉਨ੍ਹਾਂ ਕਿਹਾ ਕਿ 18 ਮਹੀਨਿਆਂ ਦੇ 'ਆਪ' ਸ਼ਾਸਨ ਦੌਰਾਨ ਪ੍ਰਦਰਸ਼ਨਕਾਰੀ ਅਧਿਆਪਕਾਂ ਅਤੇ ਕਿਸਾਨਾਂ ਨੂੰ ਪਹਿਲਾਂ ਹੀ ਪੰਜਾਬ ਪੁਲਸ ਦੇ ਗ਼ੁੱਸੇ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ। ਪੁਰਸ਼ ਪੁਲਸ ਕਰਮਚਾਰੀਆਂ ਨੇ ਮਹਿਲਾ ਅਧਿਆਪਕਾਂ ਨਾਲ ਕੁੱਟਮਾਰ ਕੀਤੀ। ਕੁਝ ਹਫ਼ਤੇ ਪਹਿਲਾਂ, ਪੁਲਸ ਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਬੁਰੀ ਤਰਾਂ ਕੁੱਟਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8