3 ਪ੍ਰਮੁੱਖ ਕਮਿਸ਼ਨਾਂ ਦੇ ਮੁਖੀਆਂ ਦੀਆਂ ਅਸਾਮੀਆਂ ਖਾਲੀ, ਪੰਜਾਬ ਸਰਕਾਰ ਨਹੀਂ ਕਰ ਸਕੀ ਇਹ ਅਹਿਮ ਨਿਯੁਕਤੀਆਂ

Saturday, Jan 15, 2022 - 01:12 PM (IST)

3 ਪ੍ਰਮੁੱਖ ਕਮਿਸ਼ਨਾਂ ਦੇ ਮੁਖੀਆਂ ਦੀਆਂ ਅਸਾਮੀਆਂ ਖਾਲੀ, ਪੰਜਾਬ ਸਰਕਾਰ ਨਹੀਂ ਕਰ ਸਕੀ ਇਹ ਅਹਿਮ ਨਿਯੁਕਤੀਆਂ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਦੇ ਐਲਾਨ ਕਾਰਨ ਸੂਬੇ ਦੇ ਅਹਿਮ ਕਮਿਸ਼ਨਾਂ ਦੇ ਮੁਖੀਆਂ ਦੀਆਂ ਨਿਯੁਕਤੀਆਂ ਦਾ ਮਾਮਲਾ ਹੱਲ ਨਹੀਂ ਹੋ ਸਕਿਆ। ਪਤਾ ਲੱਗਾ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਸਬੰਧੀ ਫਾਈਲ ਵਾਪਸ ਸੂਬਾ ਸਰਕਾਰ ਨੂੰ ਭੇਜ ਦਿੱਤੀ ਹੈ। ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮਨ, ਪੰਜਾਬ ਦੇ ਚੋਣ ਕਮਿਸ਼ਨ ਦੇ ਮੁਖੀ ਅਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਦੀ ਅਸਾਮੀ ਖਾਲੀ ਹੋਈ ਹੈ। ਇਨ੍ਹਾਂ ਨਿਯੁਕਤੀਆਂ ਲਈ ਕਈ ਸੇਵਾਮੁਕਤ ਆਈ. ਏ. ਐੱਸ. ਤੇ ਆਈ. ਪੀ. ਐੱਸ. ਅਧਿਕਾਰੀਆਂ ਵੱਲੋਂ ਜ਼ੋਰ ਲਾਇਆ ਜਾ ਰਿਹਾ ਸੀ। ਸੂਬਾ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਜਾਤੀ ਅਧਾਰਿਤ ਕਮਿਸ਼ਨ ਦੇ ਮੁਖੀ ਤਾਂ ਨਿਯੁਕਤ ਕਰ ਦਿੱਤੇ ਪਰ ਇਨ੍ਹਾਂ ਕਮਿਸ਼ਨਾਂ ਦੀਆਂ ਅਹਿਮ ਨਿਯੁਕਤੀਆਂ ਸਬੰਧੀ ਕੁਝ ਨਹੀਂ ਕੀਤਾ। 

ਇਹ ਵੀ ਪੜ੍ਹੋ : ਸਿੱਧੂ-ਪਰਗਟ ਵਿਚਕਾਰ ਪਈਆਂ ਦੂਰੀਆਂ, ਪੰਜਾਬ ਮਾਡਲ ਦੀ ਹਿਮਾਇਤ 'ਚ ਵੀ ਨਹੀਂ ਆਏ ਸਿੱਖਿਆ ਮੰਤਰੀ

ਸੂਤਰਾਂ ਮੁਤਾਬਕ ਸਰਕਾਰ ਵੱਲੋਂ ਕੁਝ ਅਹਿਮ ਨਿਯੁਕਤੀਆਂ ਲਈ 8 ਜਨਵਰੀ (ਜਿਸ ਦਿਨ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ) ਨੂੰ ਹੱਥ-ਪੈਰ ਤਾਂ ਮਾਰੇ ਗਏ ਪਰ ਸੀਨੀਅਰ ਅਧਿਕਾਰੀਆਂ ਨੇ ਦੋ ਟੁਕ ਜਵਾਬ ਦਿੰਦਿਆਂ ਕਿਹਾ ਕਿ ਚੋਣ ਕਮਿਸ਼ਨ ਦੇ ਤੈਅ ਪ੍ਰੋਗਰਾਮ ਮੁਤਾਬਕ ਬਾਅਦ ਦੁਪਹਿਰ ਚੋਣ ਜ਼ਾਬਤਾ ਲੱਗ ਜਾਣਾ ਹੈ। ਇਸ ਲਈ ਹੁਣ ਇਨ੍ਹਾਂ ਅਹਿਮ ਕਮਿਸ਼ਨਾਂ ਦੇ ਮੁਖੀਆਂ ਅਤੇ ਮੈਂਬਰਾਂ ਦੀਆਂ ਨਿਯੁਕਤੀਆਂ ਸੂਬੇ ’ਚ ਬਣਨ ਵਾਲੀ ਨਵੀਂ ਸਰਕਾਰ ਵੱਲੋਂ ਹੀ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਪੰਜਾਬ ਦੇ ਚੋਣ ਕਮਿਸ਼ਨ ਦੀ ਅਸਾਮੀ ਬੀਤੇ ਦਸੰਬਰ ਮਹੀਨੇ ਸਾਬਕਾ ਆਈ. ਏ. ਐੱਸ. ਅਧਿਕਾਰੀ ਜਗਪਾਲ ਸਿੰਘ ਸੰਧੂ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਪਈ ਹੈ, ਜਿਸ ’ਤੇ ਮਾਰਚ ਮਹੀਨੇ ਤੋਂ ਬਾਅਦ ਹੀ ਨਵੀਂ ਨਿਯੁਕਤੀ ਹੋ ਸਕਦੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਅਹੁਦੇ ਤੋਂ ਸਾਬਕਾ ਆਈ. ਏ. ਐੱਸ. ਅਧਿਕਾਰੀ ਤੇਜਿੰਦਰ ਕੌਰ ਸਤੰਬਰ ਮਹੀਨੇ ਵਿੱਚ ਸੇਵਾਮੁਕਤ ਹੋ ਗਏ ਸਨ।

ਇਹ ਵੀ ਪੜ੍ਹੋ ਵੱਡਾ ਦਾਅ ਖੇਡਣ ਦੀ ਰੌਂਅ 'ਚ ਕਾਂਗਰਸ, ਇਨ੍ਹਾਂ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ

ਸੂਤਰਾਂ ਦਾ ਕਹਿਣਾ ਹੈ ਕਿ ਇਸ ਅਹੁਦੇ ਲਈ ਸਾਬਕਾ ਆਈ. ਪੀ. ਐੱਸ. ਅਧਿਕਾਰੀ ਰਾਜਿੰਦਰ ਸਿੰਘ ਵੱਲੋਂ ਕੀਤੇ ਯਤਨ ਸਫਲ ਨਹੀਂ ਹੋ ਸਕੇ। ਰਾਜ ਚੋਣ ਕਮਿਸ਼ਨ ਦੇ ਤਿੰਨ ਕਮਿਸ਼ਨਰਾਂ ਦੀ ਨਿਯੁਕਤੀ ਸਬੰਧੀ ਫਾਈਲ ਸਰਕਾਰ ਨੇ ਰਾਜਪਾਲ ਨੂੰ ਭੇਜ ਦਿੱਤੀ ਸੀ ਪਰ ਰਾਜਪਾਲ ਵੱਲੋਂ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕੀ ਸੀ ਤੇ ਬਾਅਦ ਵਿੱਚ ਚੋਣਾਂ ਦਾ ਐਲਾਨ ਹੋ ਗਿਆ। ਹੁਣ ਰਾਜਪਾਲ ਦਫ਼ਤਰ ਵੱਲੋਂ ਇਹ ਫਾਈਲ ਵਾਪਸ ਸਰਕਾਰ ਨੂੰ ਭੇਜਦਿਆਂ ਸਪੱਸ਼ਟ ਕਰ ਦਿੱਤਾ ਕਿ ਚੋਣ ਜ਼ਾਬਤਾ ਲੱਗ ਗਿਆ ਹੈ। ਇਸ ਲਈ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਮਾਹੌਲ ਅਜਿਹਾ ਬਣ ਗਿਆ ਕਿ ਸਰਕਾਰ ਵੱਲੋਂ ਇਨ੍ਹਾਂ ਅਹਿਮ ਨਿਯੁਕਤੀਆਂ ’ਤੇ ਧਿਆਨ ਨਹੀਂ ਦੇ ਹੋਇਆ। 

ਇਹ ਵੀ ਪੜ੍ਹੋ ਉਮੀਦਵਾਰਾਂ ਦੇ ਨਾਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ’ਚ ਕਾਂਗਰਸ ਹਾਈਕਮਾਨ, ਮੰਤਰੀਆਂ ਦੀ ਟਿਕਟ ਪੱਕੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Harnek Seechewal

Content Editor

Related News