ਮਜੀਠੀਆ ਨੇ ਮੁੜ ਘੇਰੀ 'ਆਪ', ਅਜਨਾਲਾ ਹਿੰਸਾ ਤੇ ਗੋਇੰਦਵਾਲ ਜੇਲ੍ਹ 'ਚ ਹੋਈ ਗੈਂਗਵਾਰ 'ਤੇ ਦਿੱਤਾ ਵੱਡਾ ਬਿਆਨ

Monday, Feb 27, 2023 - 06:11 PM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਜਨਾਲਾ ਹਿੰਸਾ ਕਾਰਨ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਜੋ ਹਾਲਾਤ ਬਣ ਗਏ ਹਨ, ਉਸ ਤੋਂ ਇੰਝ ਲੱਗਦਾ ਹੈ ਕਿ ਪੰਜਾਬ 'ਚ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ। ਉਨ੍ਹਾਂ ਆਖਿਆ ਕਿ ਅਜਨਾਲਾ ਵਿਖੇ ਹਿੰਸਾ ਕਰਨ ਵਾਲਿਆਂ ਨੇ ਕਾਨੂੰਨ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ 'ਚ ਥਾਣੇ 'ਤੇ ਕਬਜ਼ਾ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਮਜੀਠੀਆ ਨੇ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਅਜਨਾਲਾ ਝੜਪ ਸਬੰਧੀ ਕਹਿੰਦੇ ਹਨ ਕਿ ਇਹ ਤਾਂ ਕੁਝ ਲੋਕ ਹਨ। ਇਸ ਤੋਂ ਇਲਾਵਾ ਮਜੀਠੀਆ ਨੇ ਗੋਇੰਦਵਾਲ ਜੇਲ੍ਹ 'ਚ ਹੋਈ ਗੈਂਗਵਾਰ, ਪੰਜਾਬ 'ਚ ਹੋਏ ਕਤਲ ਅਤੇ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ 'ਤੇ 'ਆਪ' ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕੀਤਾ ਹੈ। 

ਇਹ ਵੀ ਪੜ੍ਹੋ- ਅਜਨਾਲਾ ਹਿੰਸਾ ਤੋਂ ਬਾਅਦ ਪੰਜਾਬ ਪੁਲਸ ਨੇ ਲਿਆ ਵੱਡਾ ਫ਼ੈਸਲਾ, ਸ਼ੁਰੂ ਕੀਤੀ ਗੱਤਕੇ ਦੀ ਸਿਖਲਾਈ

ਗੋਇੰਦਵਾਲ ਜੇਲ੍ਹ 'ਚ ਮੂਸੇਵਾਲਾ ਦੇ ਕਾਤਲਾਂ ਦੇ ਹੋਏ ਕਤਲ 'ਤੇ ਬੋਲੇ ਮਜੀਠੀਆ

ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਅਤੇ ਪੁਲਸ ਕੋਲੋਂ ਸਿੱਧੂ ਮੂਸੇਵਾਲਾ ਮਾਮਲੇ 'ਚ ਜੋ ਦੋਸ਼ੀ ਫੜੇ ਨਹੀਂ ਗਏ, ਉਨ੍ਹਾਂ ਨੂੰ ਦਿੱਲੀ ਪੁਲਸ ਨੇ ਕਾਬੂ ਕੀਤਾ ਪਰ ਸਰਕਾਰ ਨੇ ਝੂਠ ਲੁਕਾਉਣ ਲਈ ਉਨ੍ਹਾਂ ਕਾਤਲਾਂ ਨੂੰ ਜੇਲ੍ਹ 'ਚ ਹੀ ਮਰਵਾ ਦਿੱਤਾ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਵੀ ਉਹ ਗੈਂਗਸਟਰ ਚੁੱਕ ਰਿਹਾ ਹੈ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸੀ ਕਿ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਮੈਂ ਪਹਿਲਾਂ ਹੀ ਆਖਿਆ ਸੀ ਕਿ ਇਨ੍ਹਾਂ ਗੈਂਗਸਟਰਾਂ ਦੀ ਮਦਦ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਮਜੀਠੀਆ ਨੇ ਕਿਹਾ ਕਿ ਜਿਨ੍ਹਾਂ ਨੂੰ ਜੇਲ੍ਹ 'ਚ ਮਾਰਿਆ ਗਿਆ ਹੈ , ਉਹ ਮੂਸੇਵਾਲਾ ਦੇ ਕੇਸ ਨੂੰ ਹੋਰ ਮਜ਼ਬੂਤ ਕਰ ਸਕਦੇ ਸੀ ਅਤੇ ਉਨ੍ਹਾਂ ਕੋਲੋਂ ਕਈ ਵੱਡੇ ਖ਼ੁਲਾਸੇ ਹੋ ਸਕਦੇ ਸੀ ਪਰ ਜੇ ਮੁੱਖ ਗਵਾਹ ਹੀ ਮਰ ਗਏ ਤਾਂ ਕੇਸ ਸੁਲਝ ਨਹੀਂ ਸਕਦਾ।

ਪੱਟੀ ਵਿਖੇ ਹੋਏ ਚੈਅਰਮੈਨ ਦੇ ਕਤਲ 'ਤੇ ਮਜੀਠੀਆ ਦਾ ਬਿਆਨ

ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਅੱਜ ਕਤਲ ਦੀਆਂ 2 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਵਿੱਚ ਪੱਟੀ 'ਚ ਕਾਂਗਰਸੀ ਚੈਅਰਮੈਨ ਦਾ ਕਤਲ ਅਤੇ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਿਆਨ ਕਰਦੇ ਹਨ। ਇਸ ਤੋਂ ਇਲਾਵਾ ਜੋ ਬੀਤੇ ਦਿਨ ਜੇਲ੍ਹ 'ਚ ਗੈਂਗਸਟਰਾਂ ਦਾ ਕਤਲ ਕੀਤਾ ਗਿਆ ਹੈ, ਉਸ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਨਾ ਤਾਂ ਜੇਲ੍ਹ 'ਚ ਕੋਈ ਕਾਨੂੰਨੀ ਵਿਵਸਥਾ ਹੈ ਤੇ ਨਾ ਜੇਲ੍ਹ ਤੋਂ ਬਾਹਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਦੇ ਦਿੱਲੀ ਗਏ ਹਨ ਅਤੇ ਇਸ ਤੋਂ ਪਹਿਲਾਂ ਮੁੰਬਈ ਗਏ ਹੋਏ ਸਨ। 

CM ਭ੍ਰਿਸ਼ਟਾਚਾਰ ਦੇ ਹੱਕ 'ਚ ਦੇ ਰਹੇ ਨਾਅਰਾ

ਮਜੀਠੀਆ ਨੇ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ 'ਤੇ ਮੁੱਖ ਮੰਤਰੀ ਮਾਨ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਹੱਕ 'ਚ ਨਾਅਰਾ ਦੇ ਰਹੇ ਹਨ ਕਿਉਂਕਿ ਜੇਕਰ 'ਆਪ' ਵਾਲਾ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸ ਨੂੰ ਵਧੀਆ ਕੁਰੱਪਸ਼ਨ ਕਿਹਾ ਜਾਂਦਾ ਹੈ ਪਰ ਜੇਕਰ ਕੋਈ ਹੋਰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਫੜਿਆ ਜਾਂਦਾ ਹੈ ਤਾਂ ਉਸ ਨੂੰ ਮਾੜੀ ਕੁਰੱਪਸ਼ਨ ਦਾ ਨਾਮ ਦਿੱਤਾ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਤਾਂ ਪੰਜਾਬ ਦਾ ਪੈਸਾ ਖਾਣ ਨਹੀਂ ਦਿੱਤਾ ਜਾਵੇਗਾ ਪਰ ਉਹੀ ਜੇਕਰ 'ਆਪ' ਖਾਂਦੀ ਹੈ ਤਾਂ ਕਹਿੰਦੇ ਹਨ ਕਿ ਕੋਈ ਮਸਲਾ ਨਹੀਂ। ਦਿੱਲੀ ਆਬਾਕਾਰੀ ਨੀਤੀ 'ਚ ਹੋਏ ਘਪਲੇ 'ਤੇ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਸ ਤੋਂ ਕਈ ਲੋਕਾਂ ਨੂੰ ਵੱਡਾ ਫਾਇਦਾ ਦਿੱਤਾ ਗਿਆ ਹੈ, ਜਿਸ 'ਚ ਜ਼ੀਰਾ ਫੈਕਟਰੀ ਦੇ ਮਾਲਕ ਦੇ ਪਰਿਵਾਰ ਦਾ ਨਾਂ ਸ਼ਾਮਲ ਹੈ, ਜਿਸ ਦੇ ਖ਼ਿਲਾਫ਼ ਜਾਣ ਤੋਂ ਸਰਕਾਰ ਡਰਦੀ ਹੈ। ਕਿਉਂਕਿ ਜੇਕਰ ਸਰਕਾਰ ਉਨ੍ਹਾਂ ਖ਼ਿਲਾਫ਼ ਕੁਝ ਵੀ ਕਰੇਗੀ ਤਾਂ ਉਹ ਸਭ ਕੁਝ ਸੱਚ ਦੱਸ ਦੇਣਗੇ। ਹੁਣ ਪੰਜਾਬ ਦੀ ਆਬਾਕਾਰੀ ਨੀਤੀ ਵੀ ਦਿੱਲੀ 'ਚ ਹੀ ਬਣੀ ਹੈ। 

ਇਹ ਵੀ ਪੜ੍ਹੋ-  ਸੰਗਰੂਰ ਜੇਲ੍ਹ 'ਚ ਵੱਡੀ ਵਾਰਦਾਤ, ਜੇਲ੍ਹ ਵਾਰਡਨ 'ਤੇ ਜਾਨਲੇਵਾ ਹਮਲਾ

'ਆਪ' ਵਿਧਾਇਕ ਅਮਿਤ ਰਤਨ ਦੀ ਗ੍ਰਿਫ਼ਤਾਰੀ 'ਤੇ ਮਜੀਠੀਆ ਦਾ ਬਿਆਨ

ਮਜੀਠੀਆ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਦੇ ਮਾਮਲੇ 'ਚ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਮਿਤ ਰਤਨ ਨੂੰ ਪਾਰਟੀ 'ਚੋਂ ਇਸ ਲਈ ਬਾਹਰ ਕੱਢਿਆ ਸੀ ਕਿਉਂਕਿ 80 ਲੋਕਾਂ ਨੇ ਉਸ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਅਤੇ ਉਸਦੇ ਖ਼ਿਲਾਫ਼ ਬਕਾਇਦਾ ਪਰਚੇ ਦਰਜ ਸਨ। ਅਮਿਤ ਰਤਨ ਨੇ ਫਿਰ 'ਆਪ' 'ਚ ਸ਼ਮੂਲੀਅਤ ਕੀਤੀ ਅਤੇ ਪਾਰਟੀ ਨੇ ਉਸ ਨੂੰ ਟਿਕਟ ਦੇ ਦਿੱਤੀ, ਜਿਸ ਤੋਂ ਬਾਅਦ ਉਹ ਵਿਧਾਇਕ ਬਣ ਗਏ। ਪਰ ਮੌਜੂਦਾ ਵਿਧਾਇਕ ਹੋਣ ਵੇਲੇ ਉਹ ਰਿਸ਼ਵਤ ਲੈਂਦੇ ਰੰਗੇ ਹੱਥੀ ਫੜੇ ਗਏ ਪਰ ਪਾਰਟੀ ਨੇ ਉਨ੍ਹਾਂ ਨੂੰ ਉੱਥੋਂ ਭੱਜ ਜਾਣ ਦਿੱਤਾ ਪਰ ਜਦੋਂ ਸਬੂਤ ਸਾਹਮਣੇ ਆ ਗਏ ਫਿਰ 'ਆਪ' ਨੂੰ ਭਾਜੜਾਂ ਪੈ ਗਈਆਂ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News