ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੇ ਅਣਐਲਾਨੇ ਦਫ਼ਤਰ : ਚੁੱਘ
Thursday, Jul 11, 2024 - 05:02 PM (IST)
ਚੰਡੀਗੜ੍ਹ (ਅੰਕੁਰ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੀ ਮਾਨ ਸਰਕਾਰ ਦੇ ਇਸ ਦਾਅਵੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ''ਚੋਂ ਨਹੀਂ ਸਗੋਂ ਕਿਸੇ ਹੋਰ ਸੂਬੇ ''ਚ ਹੋਈ ਸੀ। ਚੁੱਘ ਨੇ ਕਿਹਾ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਗੁੰਮਰਾਹ ਕਰ ਰਹੀ ਹੈ, ਇਸ ਦੀਆਂ ਪਰਤਾਂ ਪੰਜਾਬ ਪੁਲਸ ਦੀ ਐੱਸਆਈਟੀ ਦੀ ਜਾਂਚ ਵਿਚ ਸਾਹਮਣੇ ਆ ਗਈਆਂ ਹਨ ਅਤੇ ਪੰਜਾਬ ਦੀਆਂ ਜੇਲ੍ਹਾਂ ਗੈਂਗਸਟਰਾਂ ਦੇ ਅਣਐਲਾਨੇ ਦਫ਼ਤਰ ਅਤੇ ਸਟੂਡੀਓ ਬਣ ਗਈਆਂ ਹਨ। ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਉਂਦੇ ਹੋਏ ਚੁੱਘ ਨੇ ਕਿਹਾ ਕਿ ਦਿਨ-ਦਿਹਾੜੇ ਕਤਲ, ਲੁੱਟ-ਖੋਹ, ਜ਼ਬਰੀ ਵਸੂਲੀ ਆਦਿ ਦੀਆਂ ਘਟਨਾਵਾਂ ਆਮ ਲੋਕਾਂ, ਔਰਤਾਂ, ਨੌਜਵਾਨਾਂ, ਵਪਾਰੀਆਂ, ਮੁਲਾਜ਼ਮਾਂ, ਛੋਟੇ ਦੁਕਾਨਦਾਰਾਂ, ਡਾਕਟਰਾਂ, ਉਦਯੋਗਪਤੀਆਂ ਆਦਿ ਨਾਲ ਵਾਪਰ ਰਹੀਆਂ ਹਨ, ਜਿਸ ਕਾਰਨ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।
ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਸਿਆਸੀ ਸੈਰ-ਸਪਾਟੇ ਵਿਚ ਰੁੱਝੇ ਹੋਏ ਹਨ ਅਤੇ ਪੰਜਾਬ ਦੇ ਲੋਕ ਹਰ ਖੇਤਰ ਵਿਚ ਦੁਖੀ ਹਨ। 24 ਘੰਟੇ ਅੰਦਰ ਵਾਅਦਾ ਪੂਰਾ ਕਰਨ ਦੇ ਨਾਂ ''ਤੇ ਸੱਤਾ ''ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦੇ ਤੋਂ ਪੂਰੀ ਤਰ੍ਹਾਂ ਮੁੱਕਰ ਗਈ ਹੈ। 24 ਘੰਟਿਆਂ ਅੰਦਰ ਨਸ਼ਾ ਖਤਮ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਦੇਣ ਦੇ ਹੁਕਮ, ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ, ਮਾਫੀਆ ਰਾਜ ਖਤਮ ਕਰਨ ਆਦਿ ਵਰਗੇ ਵਾਅਦੇ ਪੂਰੀ ਤਰ੍ਹਾਂ ਫੇਲ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ 29 ਮਹੀਨਿਆਂ ਬਾਅਦ ਸਿਰਫ਼ ਮੀਟਿੰਗਾਂ ਕਰ ਰਹੀ ਹੈ ਅਤੇ ਉਹ ਵੀ ਬੇਅਰਥ ਹੋਣ ਕਾਰਨ ਇਹ ਮੀਟਿੰਗਾਂ ਉਸ ਦੀਆਂ ਹੁਣ ਤੱਕ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦੀਆਂ ਹਨ।