ਦੇਸ਼ ''ਚ ਐਮਰਜੈਂਸੀ ਲਾਉਣ ਵਾਲੇ ਕਾਂਗਰਸੀ ਆਗੂ ਲੋਕਤੰਤਰ ''ਤੇ ਗਿਆਨ ਦੇ ਰਹੇ : ਤਰੁਣ ਚੁੱਘ
Monday, Aug 21, 2023 - 12:03 PM (IST)

ਚੰਡੀਗੜ੍ਹ/ਜਲੰਧਰ (ਹਰੀਸ਼ਚੰਦਰ, ਵਿਸ਼ੇਸ਼) : ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਦੇ ਉਸ ਬਿਆਨ ਨੂੰ ਹਾਸੋ-ਹੀਣਾ ਅਤੇ ਬਚਕਾਨਾ ਕਰਾਰ ਦਿੰਦੇ ਹੋਏ ਪਲਟਵਾਰ ਕੀਤਾ ਹੈ, ਜਿਸ 'ਚ ਖੜਗੇ ਨੇ ਕਿਹਾ ਕਿ ਕਾਂਗਰਸ ਨੇ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਕੀਤੀ ਹੈ। ਚੁੱਘ ਨੇ ਕਿਹਾ ਕਿ ਕਾਂਗਰਸ ਸੰਵਿਧਾਨ ਅਤੇ ਲੋਕਤੰਤਰ ਦੀ ਨਹੀਂ, ਸਗੋਂ 70 ਸਾਲ ਤੱਕ ਪਰਿਵਾਰ ਦੀ ਰੱਖਿਆ ਕਰਨ 'ਚ ਲੱਗੀ ਰਹੀ ਹੈ।
ਚੁੱਘ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਵੰਡ ਕੀਤੀ, ਐਮਰਜੈਂਸੀ ਲਾ ਕੇ ਲੋਕਤੰਤਰ ਦਾ ਗਲਾ ਘੁੱਟਿਆ, ਦੇਸ਼ 'ਚ ਚੁਣੀਆਂ ਹੋਈਆਂ ਸਰਕਾਰਾਂ ਡਿਗਾਈਆਂ ਅਤੇ ਹਜ਼ਾਰਾਂ ਸਿੱਖਾਂ ਦੇ ਕਤਲ ਦੇ ਜ਼ਿੰਮੇਵਾਰ ਕਾਂਗਰਸੀ ਆਗੂ ਹਨ। ਖੜਗੇ ਲਈ ਕੀ ਇਹੀ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਹੈ? ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ।
ਚੁੱਘ ਨੇ ਕਿਹਾ ਕਿ ਪਰਿਵਾਰਵਾਦ, ਭ੍ਰਿਸ਼ਟਾਚਾਰ ਜਿਸ ਕਾਂਗਰਸ ਦੀ ਪਛਾਣ ਰਹੀ ਹੋਵੇ, ਉਹ ਲੋਕਤੰਤਰ ਅਤੇ ਸੰਵਿਧਾਨ ਦੀ ਕੀ ਗੱਲ ਕਰੇਗੀ? ਉਸ ਲਈ ਸਿਰਫ ਅਤੇ ਸਿਰਫ ਇਕ ਪਰਿਵਾਰ ਦੀ ਸਭ-ਕੁੱਝ ਹੈ। ਖੜਗੇ ਨੇ ਖ਼ੁਦ ਹੀ ਇਸ ਨੂੰ ਕਬੂਲ ਕੀਤਾ ਕਿ ਉਹ ਰਾਹੁਲ ਅਤੇ ਸੋਨੀਆ ਦੀ ਕ੍ਰਿਪਾ ਨਾਲ ਪ੍ਰਧਾਨ ਬਣੇ ਹਨ, ਮਤਲਬ ਸਾਫ਼ ਹੈ ਕਿ ਕਾਂਗਰਸ 'ਚ ਸਭ ਕੁੱਝ ਇਕ ਪਰਿਵਾਰ ਦੀ ਕ੍ਰਿਪਾ 'ਤੇ ਹੀ ਨਿਰਭਰ ਹੈ।