USA-ਕੈਨੇਡਾ ਦੀ ਸਰਹੱਦ ਅਗਲੇ ਸਾਲ ਤੱਕ ਰਹਿ ਸਕਦੀ ਹੈ ਬੰਦ

07/09/2020 2:17:29 PM

ਓਟਾਵਾ— ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧ ਰਹੇ ਮਾਮਲਿਆਂ ਕਾਰਨ ਅਮਰੀਕਾ-ਕੈਨੇਡਾ ਦੀ ਸਰਹੱਦ ਅਗਲੇ ਸਾਲ ਤੱਕ ਬੰਦ ਰਹਿ ਸਕਦੀ ਹੈ। ਮਾਹਰਾਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ।

ਸੰਯੁਕਤ ਰਾਜ ਅਮਰੀਕਾ 'ਚ ਰੋਜ਼ਾਨਾ 50,000 ਤੋਂ ਵੱਧ ਨਵੇਂ ਮਾਮਲੇ ਦਰਜ ਹੋ ਰਹੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਕੈਨੇਡਾ-ਅਮਰੀਕਾ ਸਰਹੱਦ ਖੁੱਲ੍ਹਣ ਲਈ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੈਨੇਡਾ ਅਤੇ ਯੂ. ਐੱਸ. ਨੇ ਮਾਰਚ 'ਚ ਸਰਹੱਦ ਨੂੰ ਅਸਥਾਈ ਤੌਰ 'ਤੇ ਗੈਰ-ਜ਼ਰੂਰੀ ਯਾਤਰਾ ਲਈ ਬੰਦ ਕਰਨ ਲਈ ਸਹਿਮਤੀ ਦਿੱਤੀ ਸੀ, ਜਦੋਂ ਕਿ ਇਸ ਨੂੰ ਵਪਾਰਕ ਕੰਮ ਲਈ ਲੰਘਣ ਵਾਲੇ ਜ਼ਰੂਰੀ ਕਰਮਚਾਰੀਆਂ ਲਈ ਖੁੱਲ੍ਹਾ ਰੱਖੀ ਹੈ।

ਸਰਹੱਦ ਬੰਦ ਦੇ ਫੈਸਲੇ ਨੂੰ ਹਰ ਮਹੀਨੇ ਵਧਾਇਆ ਗਿਆ ਹੈ, ਹਾਲ ਹੀ 'ਚ ਇਸ ਨੂੰ ਵਧਾ ਕੇ 21 ਜੁਲਾਈ ਤੱਕ ਕੀਤਾ ਗਿਆ ਸੀ। ਹਾਲਾਂਕਿ, ਸੰਯੁਕਤ ਰਾਜ ਅਮਰੀਕਾ ਦੇ ਨਾਗਰਿਕਾਂ ਨੂੰ ਜ਼ਰੂਰੀ ਕਾਰਨਾਂ ਕਰਕੇ ਅਲਾਸਕਾ ਪਹੁੰਚਣ ਲਈ ਕੈਨੇਡਾ ਦੇ ਰਸਤਿਓਂ ਜਾਣ ਦੀ ਮਨਜ਼ੂਰੀ ਹੈ ਪਰ ਬਿਨਾਂ ਰਸਤੇ 'ਚ ਰੁਕੇ। ਇਸ ਦੇ ਬਾਵਜੂਦ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਯੂਕੋਨ 'ਚ ਕਈ ਜਗ੍ਹਾ ਦਾਰਸ਼ਨਿਕ ਸਥਲਾਂ ਅਤੇ ਖਰੀਦਦਾਰੀ ਲਈ ਅਮਰੀਕੀ ਕਾਰਾਂ ਦੇ ਰੁਕਣ ਦੀਆਂ ਕਈਆਂ ਰਿਪੋਰਟਾਂ ਮਿਲੀਆਂ ਹਨ। ਇਸ ਕਾਰਨ ਸੰਯੁਕਤ ਰਾਜ ਅਮਰੀਕਾ ਦੇ ਕੁਝ ਯਾਤਰੀਆਂ ਨੂੰ ਅਲਾਸਕਾ 'ਚੋਂ ਲੰਘਣ ਦੌਰਾਨ ਰਸਤੇ 'ਚ ਰੁਕਣ 'ਤੇ ਜੁਰਮਾਨਾ ਵੀ ਲੱਗਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਰਹੇ ਹਨ, ਜਦੋਂ ਕਿ ਸੰਯੁਕਤ ਰਾਜ ਅਮਰੀਕਾ 'ਚ ਹਾਲ ਹੀ ਦੇ ਦਿਨਾਂ 'ਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ।


Sanjeev

Content Editor

Related News