ਕੈਨੇਡਾ 'ਚ ਸਾਲਮੋਨੇਲਾ ਪ੍ਰਕੋਪ, 16 ਲੋਕ ਬੀਮਾਰ, ਵਜ੍ਹਾ ਅਮਰੀਕੀ ਪਿਆਜ਼?
Saturday, Aug 01, 2020 - 05:37 PM (IST)

ਓਟਾਵਾ— ਕੈਨੇਡਾ 'ਚ ਮੌਜੂਦਾ ਸਮੇਂ ਪਿਆਜ਼ ਕਾਫ਼ੀ ਚਰਚਾ 'ਚ ਬਣੇ ਹੋਏ ਹਨ। ਸੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਸਿਹਤ ਅਧਿਕਾਰੀਆਂ ਨੇ ਇਸ ਹਫ਼ਤੇ ਦੇ ਸ਼ੁਰੂ 'ਚ ਸੰਯੁਕਤ ਰਾਜ ਅਮਰੀਕਾ ਤੋਂ ਦਰਾਮਦ ਕੀਤੇ ਗਏ ਲਾਲ ਪਿਆਜ਼ਾਂ ਨਾਲ ਕੈਨੇਡਾ 'ਚ ਸਾਲਮੋਨੇਲਾ ਫੈਲਣ ਦਾ ਪਤਾ ਲਗਾਇਆ ਹੈ। ਇਸ ਕਾਰਨ ਹਸਪਤਾਲ 'ਚ 16 ਲੋਕ ਦਾਖ਼ਲ ਹਨ। ਹਾਲਾਂਕਿ, ਕਿਸੇ ਦੀ ਮੌਤ ਨਹੀਂ ਹੋਈ ਹੈ।
ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚਵਾਨ, ਮੈਨੀਟੋਬਾ ਤੇ ਓਂਟਾਰੀਓ 'ਚ ਲੋਕਾਂ ਨੂੰ ਅਮਰੀਕਾ ਤੋਂ ਦਰਾਮਦ ਕੀਤੇ ਗਏ ਕਿਸੇ ਵੀ ਲਾਲ ਪਿਆਜ਼ ਨੂੰ ਨਾ ਖਾਣ ਲਈ ਕਿਹਾ ਜਾ ਰਿਹਾ ਹੈ, ਜਦੋਂ ਤੱਕ ਇਸ ਦੇ ਫੈਲਣ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਸੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਕਿਹਾ ਜਾ ਰਿਹਾ ਹੈ ਕਿ ਸਿਹਤ ਅਧਿਕਾਰੀ ਇਨ੍ਹਾਂ ਸੂਬਿਆਂ 'ਚ ਪ੍ਰਚੂਨ ਵਿਕਰੇਤਾਵਾਂ ਤੇ ਰੈਸਟੋਰੈਂਟਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਅਮਰੀਕਾ ਤੋਂ ਦਰਾਮਦ ਕੀਤੇ ਲਾਲ ਪਿਆਜ਼ਾਂ ਦੀ ਵਰਤੋਂ, ਵੇਚਣ ਜਾਂ ਸਰਵ ਕਰਨ ਲਈ ਨਾ ਕਰਨ।
ਰਿਪੋਰਟ ਮੁਤਾਬਕ, ਕੈਨੇਡੀਅਨ ਫੂਡ ਨਿਰੀਖਣ ਏਜੰਸੀ ਨੇ ਸਿਸਕੋ ਵੱਲੋਂ ਕੈਨੇਡਾ 'ਚ ਦਰਾਮਦ ਕੀਤੇ ਲਾਲ ਪਿਆਜ਼ ਵਾਪਸ ਮੰਗਵਾਏ ਹਨ। ਇਸ ਰੀਕਾਲ 'ਚ ਕੈਨੇਡਾ 'ਚ ਉਗਾਏ ਗਏ ਲਾਲ ਪਿਆਜ਼ ਸ਼ਾਮਲ ਨਹੀਂ ਹਨ।
ਸਾਲਮੋਨੇਲਾ ਸੰਕਰਮਣ ਕਾਰਨ ਬੁਖ਼ਾਰ, ਠੰਡ ਲੱਗਣਾ, ਦਸਤ, ਸਿਰਦਰਦ, ਉਲਟੀ ਵਰਗੇ ਲੱਛਣ ਦਿਸਦੇ ਹਨ। ਜਨਤਕ ਸਿਹਤ ਏਜੰਸੀ ਨੇ ਲੋਕਾਂ ਨੂੰ ਲਾਲ ਪਿਆਜ਼ ਤੋਂ ਬਿਮਾਰ ਹੋਣ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦਾ ਸੁਝਾਅ ਦਿੱਤਾ ਹੈ। ਏਜੰਸੀ ਨੇ ਕਿਹਾ ਹੈ ਕਿ ਜੇਕਰ ਪੈਕੇਜਿੰਗ ਜਾਂ ਸਟਿੱਕਰ ਨਾਲ ਪਤਾ ਲੱਗਦਾ ਹੈ ਕਿ ਇਹ ਸੰਯੁਕਤ ਰਾਜ ਅਮਰੀਕਾ ਤੋਂ ਹੈ, ਤਾਂ ਇਸ ਨੂੰ ਖਾਣ ਦੀ ਬਜਾਏ ਸੁੱਟ ਦਿਓ ਤੇ ਆਪਣੇ ਹੱਥ ਧੋ ਲਓ। ਇਸ ਤੋਂ ਇਲਾਵਾ ਜੇਕਰ ਤੁਸੀਂ ਸਟੋਰ ਤੋਂ ਲਾਲ ਪਿਆਜ਼ ਖਰੀਦਣ ਜਾਂਦੇ ਹੋ ਅਤੇ ਤੁਹਾਨੂੰ ਇਸ ਦੀ ਪੈਕੇਜਿੰਗ ਤੋਂ ਇਹ ਨਹੀਂ ਪਤਾ ਲੱਗਦਾ ਕਿ ਇਹ ਅਮਰੀਕੀ ਹੈ ਜਾਂ ਨਹੀਂ ਤਾਂ ਉਸ ਨੂੰ ਨਾ ਖਰੀਦੋ। ਰੈਸਟੋਰੈਂਟਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਲਾਲ ਪਿਆਜ਼ਾਂ ਦੇ ਬੈਗਾਂ ਜਾਂ ਬਕਸਿਆਂ 'ਤੇ ਲੇਬਲ ਦੀ ਜਾਂਚ ਕਰਨ ਜਾਂ ਆਪਣੇ ਸਪਲਾਇਰਾਂ ਨੂੰ ਉਨ੍ਹਾਂ ਦੇ ਸਰੋਤ ਬਾਰੇ ਪੁੱਛਣ।