ਇਕ MP ਨੂੰ ਨਸਲਵਾਦੀ ਕਹਿਣ ''ਤੇ ਸਪੀਕਰ ਨੇ ਸਿੰਘ ਨੂੰ ਸਦਨ ਤੋਂ ਕੀਤਾ ਬਾਹਰ

06/18/2020 6:15:48 PM

ਓਟਾਵਾ—  ਇਕ ਸੰਸਦ ਮੈਂਬਰ ਨੂੰ ਨਸਲਵਾਦੀ ਕਹਿਣ ਅਤੇ ਇਸ 'ਤੇ ਮਾਫੀ ਨਾ ਮੰਗਣ ਕਾਰਨ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਨੇਤਾ ਜਗਮੀਤ ਸਿੰਘ ਨੂੰ ਹਾਊਸ ਆਫ਼ ਕਾਮਨਜ਼ ਤੋਂ ਬਾਕੀ ਸੈਸ਼ਨ ਦੀ ਕਾਰਵਾਈ 'ਚੋਂ ਸਪੀਕਰ ਨੇ ਬਾਹਰ ਕੱਢ ਦਿੱਤਾ।

ਗੱਲ ਇਹ ਸੀ ਕਿ ਹਾਲ ਹੀ 'ਚ ਪੁਲਸ ਵੱਲੋਂ ਨਸਲਵਾਦ ਦੇ ਆਧਾਰ 'ਤੇ ਕਈ ਲੋਕਾਂ ਨਾਲ ਹੋਈਆਂ ਧੱਕੇਸ਼ਾਹੀ ਦੇ ਮੱਦੇਨਜ਼ਰ ਐੱਨ. ਡੀ. ਪੀ. ਨੇ ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ. ਸੀ. ਐੱਮ. ਪੀ.) 'ਚ ਸੁਧਾਰਾਂ ਲਈ ਬੁੱਧਵਾਰ ਨੂੰ ਸਦਨ 'ਚ ਮਤਾ ਪੇਸ਼ ਕੀਤਾ ਸੀ, ਜਦੋਂ ਕਿ ਇਕ ਸੰਸਦ ਮੈਂਬਰ (ਐੱਮ. ਪੀ.) ਅਲਾਇਨ ਥੈਰਿਨ ਨੇ ਇਸ 'ਤੇ ਸਮਰਥਨ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਜਗਮੀਤ ਸਿੰਘ ਨੇ ਐੱਮ. ਪੀ. ਨੂੰ ਨਸਲਵਾਦੀ ਕਹਿ ਦਿੱਤਾ।

ਸਿੰਘ ਨੇ ਹਾਊਸ ਆਫ਼ ਕਾਮਨਜ਼ ਦੀਆਂ ਸਾਰੀਆਂ ਧਿਰਾਂ ਨੂੰ ਪੁਲਸ 'ਚ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਦੇ ਪ੍ਰਸਤਾਵ 'ਤੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਤੇ 'ਚ ਪੁਲਸ ਦੇ ਬਜਟ ਦੀ ਸਮੀਖਿਆ ਕਰਨ ਅਤੇ ਜਨਤਾ ਨਾਲ ਨਜਿੱਠਣ 'ਚ ਪੁਲਸ ਦੀ ਰਣਨੀਤੀ ਦੀ ਸਮੀਖਿਆ ਕਰਨ ਸਮੇਤ ਕਈ ਮੰਗਾਂ ਸ਼ਾਮਲ ਸਨ। ਸਿੰਘ ਨੇ ਕਿਹਾ ਕਿ ਕਈ ਲੋਕਾਂ ਦੀ ਮੌਤ ਪੁਲਸ ਦੇ ਹੱਥੋਂ ਹੋਈ ਹੈ। ਇਸ ਲਈ ਆਰ. ਸੀ. ਐੱਮ. ਪੀ. ਯਾਨੀ ਪੁਲਸ 'ਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨਾ ਜ਼ਰੂਰੀ ਹੈ। ਥੈਰਿਨ ਸਦਨ 'ਚ ਇਕਲੌਤੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਇਸ ਮਤੇ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ ਸਿੰਘ ਨੂੰ ਗੁੱਸਾ ਆ ਗਿਆ।
ਸਿੰਘ ਨੇ ਇਕ ਨਿਊਜ਼ ਕਾਨਫਰੰਸ 'ਚ ਕਿਹਾ, ''ਜੋ ਕੋਈ ਵੀ ਪੁਲਸ 'ਚ ਸੁਧਾਰਾਂ ਲਈ ਰੱਖੇ ਪ੍ਰਸਤਾਵ ਦਾ ਵਿਰੋਧ ਕਰਦਾ ਹੈ ਹਾਂ ਉਹ ਨਸਲਵਾਦੀ ਹੈ, ਮੈਂ ਸਪੱਸ਼ਟ ਕਿਹਾ ਹੈ ਤੇ ਇਸ ਨੂੰ ਦੁਹਰਾਉਂਦਾ ਹਾਂ।''


Sanjeev

Content Editor

Related News