Sony ਨਾਲ ਰਲੇਵੇਂ ਦੀ ਡੀਲ ਰੱਦ ਹੋਣ ਦੀ ਖਬਰ ''ਤੇ ਜ਼ੀ ਐਂਟਰਟੇਨਮੈਂਟ ਨੇ ਦਿੱਤਾ ਵੱਡਾ ਬਿਆਨ

Tuesday, Jan 09, 2024 - 04:56 PM (IST)

ਬਿਜ਼ਨੈੱਸ ਡੈਸਕ : Zee ਅਤੇ Sony ਵਿਚਕਾਰ 10 ਅਰਬ ਡਾਲਰ ਦੇ ਰਲੇਵੇਂ 'ਤੇ ਅਜੇ ਵੀ ਗੱਲਬਾਤ ਚੱਲ ਰਹੀ ਹੈ। ਜ਼ੀ ਐਂਟਰਟੇਨਮੈਂਟ ਨੇ ਹੁਣ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਕੰਪਨੀ ਮੁਤਾਬਕ ਡੀਲ ਖ਼ਤਮ ਹੋਣ ਨਾਲ ਜੁੜੀਆਂ ਖ਼ਬਰਾਂ ਗ਼ਲਤ ਹਨ। ਸੋਮਵਾਰ ਨੂੰ, ਬਲੂਮਬਰਗ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਸੋਨੀ ਪ੍ਰਸਤਾਵਿਤ ਸੌਦੇ ਨੂੰ ਖ਼ਤਮ ਕਰ ਸਕਦਾ ਹੈ ਅਤੇ 20 ਜਨਵਰੀ ਤੋਂ ਪਹਿਲਾਂ ਇੱਕ ਸਮਾਪਤੀ ਨੋਟਿਸ ਜਾਰੀ ਕਰ ਸਕਦਾ ਹੈ।

ਸ਼ੇਅਰਾਂ ਵਿਚ ਗਿਰਾਵਟ
ਬਲੂਮਬਰਗ ਦੀ ਰਿਪੋਰਟ ਤੋਂ ਬਾਅਦ ਮੰਗਲਵਾਰ ਨੂੰ ਜ਼ੀ ਐਂਟਰਟੇਨਮੈਂਟ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। 11:56 ਵਜੇ ਕੰਪਨੀ ਦੇ ਸ਼ੇਅਰਾਂ 'ਚ 9.7 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇੰਟਰਾਡੇ ਵਿਚ ਇਹ ਗਿਰਾਵਟ 15.75 ਫ਼ੀਸਦੀ 'ਤੇ ਪਹੁੰਚ ਗਈ ਸੀ। ਇਸ ਦੇ ਮੁਕਾਬਲੇ ਬੈਂਚਮਾਰਕ ਨਿਫਟੀ 50 0.86 ਫ਼ੀਸਦੀ ਵੱਧ ਹੈ।

ਪਹਿਲਾ ਐਕਸਟੈਸ਼ਨ ਵਿਚ ਬਣੀ ਸੀ ਸਹਿਮਤੀ
ਇਹ ਸੌਦਾ 21 ਦਸੰਬਰ 2023 ਤੱਕ ਪੂਰਾ ਹੋਣਾ ਸੀ। ਸਮਝੌਤੇ ਮੁਤਾਬਕ ਤਿੰਨ ਵਾਰ ਐਕਸਟੈਂਸ਼ਨ ਲਿਆ ਜਾ ਸਕਦਾ ਹੈ। ਜ਼ੀ ਨੇ ਦਸੰਬਰ 'ਚ ਮਿਆਦ ਵਧਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਖ਼ਬਰਾਂ ਆਈਆਂ ਕਿ ਸੋਨੀ ਰਲੇਵੇਂ ਦੀ ਤਰੀਖ਼ ਵਧਾਉਣ ਲਈ ਤਿਆਰ ਹੋ ਗਿਆ ਹੈ।

ਦਰਅਸਲ, ਮੁੱਦਾ ਇਸ ਗੱਲ 'ਤੇ ਸੀ ਕਿ ਨਵੀਂ ਕੰਪਨੀ ਦੀ ਅਗਵਾਈ ਕੌਣ ਕਰੇਗਾ। ਮਾਸਟਰ ਪਲਾਨ ਮੁਤਾਬਕ ਪੁਨੀਤ ਗੋਇਨਕਾ ਨੂੰ ਨਵੀਂ ਇਕਾਈ ਦਾ ਮੈਨੇਜਿੰਗ ਡਾਇਰੈਕਟਰ ਬਣਨਾ ਸੀ ਪਰ ਜੂਨ 2023 'ਚ ਸੇਬੀ ਨੇ ਪੁਨੀਤ ਗੋਇਨਕਾ ਅਤੇ ਸੁਭਾਸ਼ ਚੰਦਰਾ ਨੂੰ ਕਿਸੇ ਵੀ ਕੰਪਨੀ ਦੇ ਬੋਰਡ ਮੈਂਬਰ ਬਣਨ 'ਤੇ ਪਾਬੰਦੀ ਲਗਾ ਦਿੱਤੀ ਸੀ।

ਇਹ ਪਾਬੰਦੀ ਫੰਡਾਂ ਦੀ ਦੁਰਵਰਤੋਂ ਦੀ ਚੱਲ ਰਹੀ ਜਾਂਚ ਦੌਰਾਨ ਲਗਾਈ ਗਈ ਸੀ। ਗੋਇਨਕਾ ਅਕਤੂਬਰ 2023 ਵਿੱਚ ਸੇਬੀ ਦੇ ਆਰਡਰ ਨੂੰ SAT ਦੁਆਰਾ ਰੱਦ ਕਰਵਾਉਣ ਵਿੱਚ ਸਫਲ ਰਿਹਾ ਸੀ। ਅਜਿਹੀਆਂ ਸਾਰੀਆਂ ਕਾਨੂੰਨੀ ਉਲਝਣਾਂ ਵਿੱਚ ਫਸਣ ਕਾਰਨ ਰਲੇਵੇਂ ਦੇ ਸੌਦੇ ਵਿੱਚ ਦੇਰੀ ਹੁੰਦੀ ਰਹੀ।


rajwinder kaur

Content Editor

Related News