Yes Bank ਨੇ 1000 ਕਰੋੜ ਇਕਵਿਟੀ ਸ਼ੇਅਰ SBI ਸਮੇਤ 7 ਬੈਂਕਾਂ ਨੂੰ ਕੀਤੇ ਅਲਾਟ

03/16/2020 10:26:38 AM

ਨਵੀਂ ਦਿੱਲੀ — ਯੈੱਸ ਬੈਂਕ ਨੇ 1000 ਕਰੋਡ਼ ਇਕਵਿਟੀ ਸ਼ੇਅਰਾਂ ਨੂੰ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਸਮੇਤ 7 ਬੈਂਕਾਂ ਨੂੰ ਅਲਾਟ ਕਰ ਦਿੱਤਾ ਹੈ। ਇਨ੍ਹਾਂ ਸ਼ੇਅਰਾਂ ਦੀ ਕੀਮਤ 10 ਹਜ਼ਾਰ ਕਰੋਡ਼ ਰੁਪਏ ਹੈ। ਜ਼ਿਕਰਯੋਗ ਹੈ ਕਿ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੂੰ ਬਚਾਉਣ ਲਈ ਐੱਸ. ਬੀ. ਆਈ. ਦੀ ਅਗਵਾਈ ’ਚ ਬਣੀ ਰੈਸਕਿਊ ਟੀਮ ’ਚ ਸ਼ਾਮਲ ਹੋਣ ਵਾਲਾ ਪਹਿਲਾ ਬੈਂਕ ਐੱਚ. ਡੀ. ਐੱਫ. ਸੀ. ਸੀ, ਜਿਸ ਨੇ ਯੈੱਸ ਬੈਂਕ ’ਚ 250 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਹੁਣ ਤਕ ਸਾਰੇ ਪ੍ਰਾਈਵੇਟ ਬੈਂਕਾਂ ਵੱਲੋਂ ਯੈੱਸ ਬੈਂਕ ’ਚ 3950 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ। ਰੈਗੂਲੇਟਰੀ ਫਾਈਲਿੰਗ ’ਚ ਯੈੱਸ ਬੈਂਕ ਨੇ ਕਿਹਾ ਕਿ ਉਸ ਵੱਲੋਂ 3,95,00,000 ਇਕਵਿਟੀ ਸ਼ੇਅਰਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ।

ਐੱਸ. ਬੀ. ਆਈ. ਨੂੰ 6050 ਕਰੋਡ਼ ’ਚ 605 ਕਰੋਡ਼ ਸ਼ੇਅਰ ਅਲਾਟ

ਐੱਸ. ਬੀ. ਆਈ. ਨੂੰ 6050 ਕਰੋਡ਼ ਰੁਪਏ ’ਚ 605 ਕਰੋਡ਼ ਸ਼ੇਅਰ ਅਲਾਟ ਕੀਤੇ ਗਏ ਹਨ। ਅਜਿਹੇ ’ਚ ਐੱਸ. ਬੀ. ਆਈ. ਦੀ ਯੈੱਸ ਬੈਂਕ ’ਚ 49 ਫੀਸਦੀ ਹਿੱਸੇਦਾਰੀ ਹੋ ਜਾਵੇਗੀ। ਹਾਲਾਂਕਿ ਆਰ. ਬੀ. ਆਈ. ਦੀ ਰੈਸਕਿਊ ਟੀਮ ਮੁਤਾਬਕ ਐੱਸ. ਬੀ. ਆਈ. ਯੈੱਸ ਬੈਂਕ ’ਚ ਆਪਣੀ ਹਿੱਸੇਦਾਰੀ 26 ਫੀਸਦੀ ਤੋਂ ਘੱਟ ਨਹੀਂ ਕਰ ਸਕੇਗਾ। ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ’ਚ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ 1000 ਕਰੋਡ਼ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਨੇ 10 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ 100 ਕਰੋਡ਼ ਇਕਵਿਟੀ ਸ਼ੇਅਰ ਖਰੀਦੇ ਹਨ। ਬੈਂਕ ਨੇ ਕਿਹਾ ਕਿ ਇਸ ਨਿਵੇਸ਼ ਨਾਲ ਆਈ. ਸੀ. ਆਈ. ਸੀ. ਆਈ. ਦੀ ਯੈੱਸ ਬੈਂਕ ’ਚ 5 ਫੀਸਦੀ ਹਿੱਸੇਦਾਰੀ ਹੋਵੇਗੀ। ਐਕਸਿਸ ਬੈਂਕ 600 ਕਰੋਡ਼ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ 500 ਕਰੋਡ਼ ਰੁਪਏ ਦਾ ਨਿਵੇਸ਼ ਕਰੇਗਾ। ਇਸ ਤੋਂ ਇਲਾਵਾ ਯੈੱਸ ਬੈਂਕ ’ਚ 300 ਕਰੋਡ਼ ਰੁਪਏ ਦਾ ਬੰਧਨ ਬੈਂਕ ਨਿਵੇਸ਼ ਕਰੇਗਾ।

75 ਫੀਸਦੀ ਸ਼ੇਅਰਾਂ ਨੂੰ ਕਰਨਾ ਹੋਵੇਗਾ ਲਾਕ-ਇਨ

ਪ੍ਰਾਈਵੇਟ ਬੈਂਕ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੇ ਸਾਹਮਣੇ ਇਹ ਸ਼ਰਤ ਰੱਖੀ ਗਈ ਹੈ ਕਿ ਉਨ੍ਹਾਂ ਨੂੰ ਬੈਂਕ ’ਚ ਆਪਣੇ ਕੁਲ ਨਿਵੇਸ਼ ਦੀ 75 ਫੀਸਦੀ ਰਾਸ਼ੀ ਨੂੰ ਲਾਕ-ਇਨ ਪੀਰੀਅਡ ’ਚ ਰੱਖਣਾ ਹੋਵੇਗਾ। ਮਤਲਬ ਜੇਕਰ ਤੁਸੀਂ ਯੈੱਸ ਬੈਂਕ ਦੇ 100 ਤੋਂ ਜ਼ਿਆਦਾ ਸ਼ੇਅਰ ਖਰੀਦੇ ਤਾਂ ਇਨ੍ਹਾਂ ’ਚੋਂ 75 ਫੀਸਦੀ ਹਿੱਸੇਦਾਰੀ ਨੂੰ 3 ਸਾਲ ਲਈ ਲਾਕ-ਇਨ ਕਰ ਦਿੱਤਾ ਜਾਵੇਗਾ। ਯਾਨੀ 3 ਸਾਲਾਂ ਤਕ ਤੁਸੀਂ ਇਹ ਸ਼ੇਅਰ ਨਹੀਂ ਵੇਚ ਸਕੋਗੇ। ਹਾਲਾਂਕਿ ਜੇਕਰ ਕਿਸੇ ਨਿਵੇਸ਼ਕ ਕੋਲ 100 ਤੋਂ ਘੱਟ ਸ਼ੇਅਰ ਹੋਣ ਤਾਂ ਉਹ ਆਪਣੇ ਪੂਰੇ ਸ਼ੇਅਰ ਵੇਚ ਸਕਦਾ ਹੈ।

ਕੀ ਹੈ ਲਾਕ-ਇਨ

ਲਾਕ-ਇਨ ਮਿਆਦ ਉਹ ਸਮਾਂ ਹੁੰਦਾ ਹੈ, ਜਿਸ ਦੌਰਾਨ ਨਿਵੇਸ਼ਕ ਕਿਸੇ ਜਾਇਦਾਦ ਨੂੰ ਵੇਚ ਨਹੀਂ ਸਕਦੇ। ਉਦਾਹਰਣ ਲਈ ਜੇਕਰ ਤੁਹਾਡੇ ਕੋਲ ਯੈੱਸ ਬੈਂਕ ਦੇ 100 ਸ਼ੇਅਰ ਹਨ ਤਾਂ ਰੇਟ ਵਧਣ ਜਾਂ ਘਟਣ ’ਤੇ ਤੁਸੀਂ ਸਿਰਫ 25 ਸ਼ੇਅਰ ਹੀ ਵੇਚ ਸਕੋਗੇ। 75 ਸ਼ੇਅਰਾਂ ਨੂੰ ਅਗਲੇ 3 ਸਾਲਾਂ ਤਕ ਨਹੀਂ ਵੇਚ ਸਕੋਗੇ। ਲਾਕ-ਇਨ ’ਚ ਨਿਵੇਸ਼ ਕੀਤੀ ਗਈ ਰਾਸ਼ੀ ਨੂੰ ਇਕ ਸੀਮਤ ਮਿਆਦ ਲਈ ਬਲਾਕ ਕਰ ਦਿੱਤਾ ਜਾਂਦਾ ਹੈ।

250 ਕਰੋਡ਼ ਦਾ ਨਿਵੇਸ਼ ਕਰੇਗਾ ਆਈ. ਡੀ. ਐੱਫ. ਸੀ. ਫਰਸਟ ਬੈਂਕ

ਦੇਸ਼ ਦੇ ਪ੍ਰਮੁੱਖ ਨਿੱਜੀ ਬੈਂਕ ਆਈ. ਡੀ. ਐੱਫ. ਸੀ. ਫਰਸਟ ਬੈਂਕ ਨੇ ਐਤਵਾਰ ਨੂੰ ਕਿਹਾ ਕਿ ਉਹ ਅਾਰਥਿਕ ਸੰਕਟ ਨਾਲ ਘਿਰੇ ਯੈੱਸ ਬੈਂਕ ’ਚ 250 ਕਰੋਡ਼ ਰੁਪਏ ਦਾ ਨਿਵੇਸ਼ ਕਰੇਗਾ। ਇਸ ਨਿਵੇਸ਼ ਰਾਹੀਂ ਆਈ. ਡੀ. ਐੱਫ. ਸੀ. ਬੈਂਕ ਯੈੱਸ ਬੈਂਕ ਦੇ 25 ਕਰੋਡ਼ ਸ਼ੇਅਰਾਂ ਦੀ ਅਕਵਾਇਰਮੈਂਟ ਕਰੇਗਾ।

ਬੈਂਕ ਵੱਲੋਂ ਬੀ. ਐੱਸ. ਈ. ਫਾਈਲਿੰਗ ’ਚ ਕਿਹਾ ਗਿਆ ਹੈ ਕਿ ਬੋਰਡ ਆਫ ਡਾਇਰੈਕਟਰਸ ਨੇ ਇਨ੍ਹਾਂ 250 ਕਰੋਡ਼ ਰੁਪਏ ਦੇ ਇਕਵਿਟੀ ਨਿਵੇਸ਼ ਨੂੰ 14 ਮਾਰਚ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਕਵਿਟੀ ਖਰੀਦਦਾਰੀ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਕੀਤੀ ਜਾਵੇਗੀ, ਜਿਸ ਦੀ ਫੇਸ ਵੈਲਿਊ 2 ਰੁਪਏ ਪ੍ਰਤੀ ਸ਼ੇਅਰ ਹੋਵੇਗੀ। ਇਸ ਤੋਂ ਪਹਿਲਾਂ ਫੈਡਰਲ ਬੈਂਕ ਨੇ ਯੈੱਸ ਬੈਂਕ ’ਚ 300 ਕਰੋੜ ਰੁਪਏ ਨਿਵੇਸ਼ ਦੀ ਵਚਨਬੱਧਤਾ ਜਤਾਈ ਸੀ।


Related News