ਥੋਕ ਮਹਿੰਗਾਈ 5 ਫੀਸਦੀ ਦੇ ਪਾਰ, ਲੋਨ ਰੇਟ ਵਧਣ ਦੇ ਆਸਾਰ

07/16/2018 2:34:05 PM

ਨਵੀਂ ਦਿੱਲੀ—  ਜੂਨ 'ਚ ਥੋਕ ਮਹਿੰਗਾਈ ਨੇ ਜ਼ੋਰਦਾਰ ਝਟਕਾ ਦਿੱਤਾ ਹੈ। ਇਸ ਮਹੀਨੇ ਥੋਕ ਮਹਿੰਗਾਈ ਵਧ ਕੇ 5.77 ਫੀਸਦੀ ਹੋ ਗਈ, ਜੋ ਕਿ ਸਾਢੇ ਚਾਰ ਸਾਲਾਂ ਦਾ ਉੱਚਾ ਪੱਧਰ ਹੈ। ਮਈ 'ਚ ਇਹ ਦਰ 4.43 ਫੀਸਦੀ ਸੀ ਅਤੇ ਪਿਛਲੇ ਸਾਲ ਜੂਨ 'ਚ 0.90 ਫੀਸਦੀ ਰਹੀ ਸੀ। ਸਬਜ਼ੀਆਂ ਅਤੇ ਤੇਲ ਕੀਮਤਾਂ 'ਚ ਤੇਜ਼ੀ ਕਾਰਨ ਥੋਕ ਮਹਿੰਗਾਈ 'ਚ ਉਛਾਲ ਆਇਆ ਹੈ। ਮਹਿੰਗਾਈ ਵਧਣ ਦਾ ਮਤਲਬ ਹੈ ਕਿ ਰਿਜ਼ਰਵ ਬੈਂਕ ਦੀ ਅਗਲੇ ਮਹੀਨੇ ਹੋਣ ਵਾਲੀ ਬੈਠਕ 'ਚ ਵਿਆਜ ਦਰਾਂ 'ਚ ਵਾਧਾ ਕੀਤਾ ਜਾ ਸਕਦਾ ਹੈ, ਜਿਸ ਨਾਲ ਸਭ ਤਰ੍ਹਾਂ ਦੇ ਬੈਂਕ ਕਰਜ਼ੇ ਮਹਿੰਗੇ ਹੋ ਸਕਦੇ ਹਨ। ਪਿਛਲੀ ਵਾਰ ਆਰ. ਬੀ. ਆਈ. ਨੇ ਮਹਿੰਗਾਈ ਵਧਣ ਦਾ ਖਦਸ਼ਾ ਦੇਖਦੇ ਹੋਏ ਚਾਰ ਸਾਲਾਂ 'ਚ ਪਹਿਲੀ ਵਾਰ ਰੈਪੋ ਰੇਟ 0.25 ਫੀਸਦੀ ਵਧਾਇਆ ਸੀ।

ਉੱਥੇ ਹੀ ਜੂਨ 'ਚ ਪ੍ਰਚੂਨ ਮਹਿੰਗਾਈ ਵੀ ਆਰ. ਬੀ. ਆਈ. ਦੇ ਅੰਦਾਜ਼ੇ ਤੋਂ ਪਾਰ 5 ਫੀਸਦੀ ਰਹੀ ਹੈ, ਜੋ ਮਈ 'ਚ 4.87 ਫੀਸਦੀ ਸੀ। ਆਰ. ਬੀ. ਆਈ. ਦਾ ਅਨੁਮਾਨ ਸੀ ਕਿ ਵਿੱਤੀ ਸਾਲ 2018-19 ਦੀ ਪਹਿਲੀ ਛਿਮਾਹੀ 'ਚ ਪ੍ਰਚੂਨ ਮਹਿੰਗਾਈ 4.8 ਤੋਂ 4.9 ਫੀਸਦੀ ਵਿਚਕਾਰ ਰਹੇਗੀ। ਮੰਨਿਆ ਜਾ ਰਿਹਾ ਹੈ ਕਿ ਆਰ. ਬੀ. ਆਈ. ਪਹਿਲੀ ਅਗਸਤ ਨੂੰ ਵਿਆਜ ਦਰਾਂ ਵਧਾਉਣ ਦਾ ਐਲਾਨ ਕਰ ਸਕਦਾ ਹੈ ਕਿਉਂਕਿ ਫਸਲਾਂ ਦੇ ਐੱਮ. ਐੱਸ. ਪੀ. ਵਧਣ ਨਾਲ ਮਹਿੰਗਾਈ ਹੋਰ ਵਧਣ ਦਾ ਖਦਸ਼ਾ ਹੈ।
ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਥੋਕ ਮਹਿੰਗਾਈ ਡਾਟਾ ਮੁਤਾਬਕ, ਸਬਜ਼ੀਆਂ ਦੀ ਮਹਿੰਗਾਈ ਜੂਨ 'ਚ ਵਧ ਕੇ 8.12 ਫੀਸਦੀ ਹੋ ਗਈ, ਜੋ ਪਿਛਲੇ ਮਹੀਨੇ 2.51 ਫੀਸਦੀ ਸੀ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਕਾਰਨ ਘਰੇਲੂ ਬਾਜ਼ਾਰ 'ਚ ਤੇਲ ਅਤੇ ਬਿਜਲੀ ਦੀ ਮਹਿੰਗਾਈ ਦਰ ਵੱਧ ਕੇ 16.18 ਫੀਸਦੀ 'ਤੇ ਪੁੱਜ ਗਈ। ਮਈ 'ਚ ਇਹ 11.22 ਫੀਸਦੀ ਸੀ। ਜੂਨ 'ਚ ਆਲੂ ਅਤੇ ਪਿਆਜ਼ਾਂ ਦੀ ਮਹਿੰਗਾਈ ਸਭ ਤੋਂ ਵੱਧ ਰਹੀ।


Related News