1930 ਪਿੱਛੋਂ ਪੂਰਾ ਵਿਸ਼ਵ ਮੰਦੀ ਦੇ ਦੌਰ ''ਚ, ਪੜ੍ਹਾਈ ਦਾ ਨੁਕਸਾਨ ਗੰਭੀਰ: ਵਿਸ਼ਵ ਬੈਂਕ
Thursday, Oct 15, 2020 - 05:42 PM (IST)
ਵਾਸ਼ਿੰਗਟਨ— 1930 ਤੋਂ ਬਾਅਦ ਪੂਰੀ ਦੁਨੀਆ ਹੁਣ ਫਿਰ ਤੋਂ ਆਰਥਿਕ ਮੰਦੀ ਦੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਹੀ ਹੈ, ਨਾਲ ਹੀ ਗਰੀਬ ਅਤੇ ਵਿਕਾਸ ਕਰ ਰਹੇ ਦੇਸ਼ਾਂ ਲਈ ਕੋਰੋਨਾ ਸਭ ਤੋਂ ਜ਼ਿਆਦਾ ਵਿਨਾਸ਼ਕਾਰੀ ਸਾਬਤ ਹੋ ਰਿਹਾ ਹੈ। ਵਿਸ਼ਵ ਬੈਂਕ ਨੇ ਇਹ ਚਿੰਤਾ ਪ੍ਰਗਟਾਈ ਹੈ।
ਵਿਸ਼ਵ ਬੈਂਕ ਦੇ ਮੁਖੀ ਡੈਵਿਡ ਮਾਲਪਾਸ ਨੇ ਕਿਹਾ ਕਿ ਦੇਸ਼ਾਂ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਸਕੂਲਾਂ ਨੂੰ ਫਿਰ ਤੋਂ ਖੋਲ੍ਹਣਾ ਹੈ। ਹਾਲਾਂਕਿ, ਵਿਸ਼ਵ ਬੈਂਕ ਦੇਸ਼ਾਂ ਨੂੰ ਸਿੱਖਿਆ, ਸਮਾਜਿਕ ਅਤੇ ਸਿਹਤ ਪ੍ਰੋਗਰਾਮਾਂ 'ਤੇ ਖਰਚ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਆਰਥਿਕ ਮੰਦੀ 'ਚ ਕਈ ਦੇਸ਼ਾਂ 'ਚ ਜੋਖਮ ਦਾ ਖ਼ਤਰਾ ਵੱਧ ਰਿਹਾ ਹੈ। ਵਿਸ਼ਵ ਬੈਂਕ ਦੇ ਮੁਖੀ ਡੈਵਿਡ ਮਾਲਪਾਸ ਨੇ ਕਿਹਾ ਮੰਦੀ ਬਹੁਤ ਗੰਭੀਰ ਹੈ। ਇਹ ਉਨ੍ਹਾਂ ਲਈ ਹੋਰ ਜ਼ਿਆਦਾ ਮੁਸੀਬਤ ਪੈਦਾ ਕਰ ਰਹੀ ਹੈ ਜੋ ਜ਼ਿਆਦਾ ਹੀ ਗਰੀਬ ਹਨ।
ਵਿਸ਼ਵ ਬੈਂਕ ਨੇ ਕਿਹਾ ਕਿ ਜੋ ਦੇਸ਼ ਵਿਕਾਸਸ਼ੀਲ ਹਨ ਅਤੇ ਜੋ ਕਾਫ਼ੀ ਗਰੀਬ ਦੇਸ਼ ਹਨ, ਉਹ ਮੰਦੀ 'ਚ ਜਾ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਲੋਕਾਂ ਦੇ ਰੋਜ਼ਗਾਰ ਜਾ ਰਹੇ ਹਨ, ਨਾਲ ਹੀ ਉਨ੍ਹਾਂ ਲੋਕਾਂ ਦੀ ਵੀ ਆਮਦਨ ਖ਼ਤਮ ਹੋ ਰਹੀ ਹੈ, ਜੋ ਸ਼ਹਿਰਾਂ 'ਚ ਆਪਣੇ ਪਰਿਵਾਰ ਦੇ ਲੋਕਾਂ ਦੀ ਕਮਾਈ 'ਤੇ ਨਿਰਭਰ ਸਨ।
ਬੱਚਿਆਂ ਦੀ ਪੜ੍ਹਾਈ ਕਾਫ਼ੀ ਪਿੱਛੇ ਚਲੀ ਜਾਵੇਗੀ-
ਵਿਸ਼ਵ ਬੈਂਕ ਨੇ ਕਿਹਾ ਕਿ ਅਜੇ ਵੀ ਵਿਕਾਸਸ਼ੀਲ ਦੇਸ਼ਾਂ 'ਚ ਅਰਬਾਂ ਬੱਚੇ ਸਕੂਲ ਤੋਂ ਬਾਹਰ ਹਨ। ਅਜਿਹੇ ਮਾਮਲਿਆਂ 'ਚ ਪੜ੍ਹਾਈ ਕਾਫ਼ੀ ਪਿੱਛੇ ਚਲੀ ਜਾਵੇਗੀ ਅਤੇ ਇਸ ਦੀ ਭਾਰੀ ਕੀਮਤ ਉਨ੍ਹਾਂ ਦੇਸ਼ਾਂ ਨੂੰ ਚੁਕਾਉਣੀ ਹੋਵੇਗੀ। ਇਹ ਖਾਸਕਰ ਕੁੜੀਆਂ ਦੇ ਮਾਮਲੇ 'ਚ ਹੋਰ ਮੁਸ਼ਕਲ ਵਧਾ ਸਕਦਾ ਹੈ। ਇਸ ਤੋਂ ਬਾਅਦ ਦੇਸ਼ਾਂ ਨੂੰ ਲੰਮੇ ਸਮੇਂ ਤੱਕ ਲਈ ਬੁਨਿਆਦੀ ਢਾਂਚੇ 'ਤੇ ਕੰਮ ਕਰਨਾ ਹੋਵੇਗਾ। ਇਹ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।
ਗੌਰਤਲਬ ਹੈ ਕਿ ਇਕ ਦਿਨ ਪਹਿਲਾਂ ਹੀ ਵਿਸ਼ਵ ਬੈਂਕ ਦੇ ਬੋਰਡ ਨੇ ਸਿਹਤ ਸੰਕਟਕਾਲੀਨ ਪ੍ਰੋਗਰਾਮ ਨੂੰ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਗਰਾਮ ਤਹਿਤ 12 ਅਰਬ ਡਾਲਰ ਦੀ ਰਕਮ ਟੀਕੇ ਅਤੇ ਹੋਰ ਉਦੇਸ਼ਾਂ ਲਈ ਖਰਚ ਕੀਤੀ ਜਾਵੇਗੀ। ਇਹ ਉਨ੍ਹਾਂ ਦੇਸ਼ਾਂ ਨੂੰ ਵੀ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਕੋਈ ਉਪਾਅ ਨਹੀਂ ਹੈ। ਮਾਲਪਾਸ ਨੇ ਕਿਹਾ ਕਿ ਵਿੱਤੀ ਬਾਜ਼ਾਰ ਨੂੰ ਸਮਰਥਨ ਅਤੇ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।