ਵਿਸ਼ਵ ਦੇ ਬਾਜ਼ਾਰ ਪੂੰਜੀਕਰਨ ਦੀ ਰੈਂਕਿੰਗ : 8ਵਾਂ ਸਭ ਤੋਂ ਵੱਡਾ ਦੇਸ਼ ਬਣਿਆ ਭਾਰਤ
Friday, Nov 03, 2017 - 01:49 AM (IST)

ਮੁੰਬਈ- ਕਾਰੋਬਾਰੀ ਸੁਗਮਤਾ ਸੂਚਕ ਅੰਕ 'ਚ ਆਪਣੀ ਸਥਿਤੀ 'ਚ ਭਾਰੀ ਸੁਧਾਰ ਤੋਂ ਬਾਅਦ ਭਾਰਤ ਨੇ ਇਕ ਹੋਰ ਮੀਲ ਦਾ ਪੱਥਰ ਪਾਰ ਕਰ ਲਿਆ ਹੈ। ਭਾਰਤ ਦੇ ਸ਼ੇਅਰ ਬਾਜ਼ਾਰ ਨੇ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਕੈਨੇਡਾ ਨੂੰ ਪਛਾੜਦਿਆਂ 8ਵਾਂ ਸਥਾਨ ਹਾਸਲ ਕਰ ਲਿਆ ਹੈ। ਇਸ ਸਾਲ ਬਾਜ਼ਾਰ ਪੂੰਜੀਕਰਨ 'ਚ 47 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਨੇ ਭਾਰਤ ਨੂੰ 2 ਲੱਖ ਕਰੋੜ ਡਾਲਰ ਵਾਲੇ ਬਾਜ਼ਾਰ ਪੂੰਜੀਕਰਨ ਕਲੱਬ 'ਚ ਆਪਣੀ ਸਥਿਤੀ ਮਜ਼ਬੂਤ ਕਰਨ 'ਚ ਮਦਦ ਕੀਤੀ ਹੈ। ਇਸ ਸੂਚੀ 'ਚ ਸਾਲ 2017 'ਚ ਭਾਰਤ ਨੇ 2 ਪੌੜੀਆਂ ਦੀ ਛਲਾਂਗ ਲਾਈ ਹੈ।
2.26 ਲੱਖ ਕਰੋੜ ਡਾਲਰ 'ਤੇ ਘਰੇਲੂ ਸ਼ੇਅਰ ਬਾਜ਼ਾਰ ਹੁਣ ਕੈਨੇਡਾ ਅਤੇ ਸਵਿਟਜ਼ਰਲੈਂਡ ਤੋਂ ਵੱਡਾ ਹੈ। ਇਹ ਜਰਮਨੀ ਅਤੇ ਫ਼ਰਾਂਸ ਤੋਂ ਕ੍ਰਮਵਾਰ 5.3 ਅਤੇ 12 ਫ਼ੀਸਦੀ ਪਿੱਛੇ ਹੈ। ਭਾਰਤੀ ਇਕਵਿਟੀ ਕੌਮਾਂਤਰੀ ਪੱਧਰ 'ਤੇ ਸਾਲ 2017 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ 'ਚ ਸ਼ਾਮਲ ਹੈ ਅਤੇ ਡਾਲਰ ਦੇ ਲਿਹਾਜ਼ ਨਾਲ ਬੈਂਚਮਾਰਕ ਸੂਚਕ ਅੰਕਾਂ 'ਚ 33 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ। ਚੰਗੇ ਪ੍ਰਦਰਸ਼ਨ ਨੇ ਭਾਰਤ ਨੂੰ ਕੌਮਾਂਤਰੀ ਬਾਜ਼ਾਰ ਪੂੰਜੀਕਰਨ 'ਚ ਆਪਣੀ ਹਿੱਸੇਦਾਰੀ ਵਧਾਉਣ 'ਚ ਮਦਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਪੂੰਜੀਕਰਨ 'ਚ ਭਾਰਤ ਦੀ ਹਿੱਸੇਦਾਰੀ ਹੁਣ 2.46 ਫ਼ੀਸਦੀ ਹੈ ਜੋ ਸਾਲ ਦੀ ਸ਼ੁਰੂਆਤ 'ਚ 2.28 ਫ਼ੀਸਦੀ ਰਹੀ ਸੀ।
ਭਾਰਤ ਦੇ ਬਾਜ਼ਾਰ ਪੂੰਜੀਕਰਨ 'ਚ ਵਾਧੇ ਨਾਲ ਦੇਸ਼ ਨੂੰ ਬਿਹਤਰ ਪੋਰਟਫੋਲੀਓ ਨਿਵੇਸ਼ ਆਕਰਸ਼ਿਤ ਕਰਨ 'ਚ ਮਦਦ ਮਿਲੇਗੀ ਕਿਉਂਕਿ ਵੱਖ-ਵੱਖ ਈ. ਟੀ. ਐੱਫ. 'ਚ ਭਾਰਤ ਦਾ ਦਬਦਬਾ ਵਧੇਗਾ। ਹਾਲਾਂਕਿ ਨਿਵੇਸ਼ ਖਰੀਦ-ਵਿਕਰੀ ਵਾਲੇ (ਫਰੀ-ਫਲੋਟ) ਬਾਜ਼ਾਰ ਪੂੰਜੀਕਰਨ 'ਤੇ ਵੀ ਨਿਰਭਰ ਕਰੇਗਾ ਕਿਉਂਕਿ ਪ੍ਰਮੁੱਖ ਸੁਸਤ ਫੰਡ ਕੌਮਾਂਤਰੀ ਪੱਧਰ 'ਤੇ ਇਸ ਦੀ ਵਰਤੋਂ ਦਬਦਬਾ ਦੇ ਮੁਲਾਂਕਣ 'ਚ ਬੈਂਚਮਾਰਕ ਦੇ ਤੌਰ 'ਤੇ ਕਰਦੇ ਹਨ। ਬੀ. ਐੱਸ. ਈ. 500 ਕੰਪਨੀਆਂ ਦਾ ਫਰੀ-ਫਲੋਟ ਮਾਰਕੀਟ ਕੈਪ ਅਜੇ ਕਰੀਬ 46 ਫ਼ੀਸਦੀ ਹੈ।