‘ਘਰ ਤੋਂ ਕੰਮ’ ਦਾ ਅਸਰ, ਦਫ਼ਤਰ ਲਈ ਥਾਂ ਲੀਜ਼ ’ਤੇ ਲੈਣ ਦੀ ਮੰਗ 44 ਫ਼ੀਸਦੀ ਘਟੀ
Tuesday, Dec 29, 2020 - 09:48 AM (IST)
ਨਵੀਂ ਦਿੱਲੀ (ਭਾਸ਼ਾ) : ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ ’ਚ ਦਫ਼ਤਰ ਲਈ ਥਾਂ ਲੀਜ਼ ’ਤੇ ਲੈਣ ’ਚ ਸਾਲ 2020 ’ਚ ਸਾਲਾਨਾ ਆਧਾਰ ’ਤੇ 44 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਘੱਟ ਕੇ 2.58 ਕਰੋੜ ਵਰਗ ਫੁੱਟ ਰਹਿ ਗਈ। ਕੋਵਿਡ-19 ਲਾਗ ਦੀ ਬੀਮਾਰੀ ਕਾਰਣ ਕੰਪਨੀਆਂ ਨੇ ਆਪਣੀ ਵਿਸਤਾਰ ਯੋਜਨਾ ਫਿਲਟਾਲ ਟਾਲ ਦਿੱਤੀ ਹੈ ਅਤੇ ਕਰਮਚਾਰੀਆਂ ਲਈ ‘ਘਰ ਤੋਂ ਕੰਮ (ਵਰਕ ਫ੍ਰਾਮ ਹੋਮ)’ ਦੀ ਨੀਤੀ ਅਪਣਾ ਰਹੀਆਂ ਹਨ। ਜਾਇਦਾਦ ਖੇਤਰ ਦੀ ਸਲਾਹਕਾਰ ਕੰਪਨੀ ਜੇ. ਐੱਲ. ਐੱਲ. ਇੰਡੀਆ ਨੇ ਆਪਣੀ ਰਿਪੋਰਟ ’ਚ ਇਹ ਗੱਲ ਕਹੀ।
ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ, ਮੁੰਬਈ, ਚੇਨਈ, ਕੋਲਕਾਤਾ, ਹੈਦਰਾਬਾਦ, ਪੁਣੇ ਅਤੇ ਬੇਂਗਲੁਰੂ ਇਨ੍ਹਾਂ ਸੱਤ ਸ਼ਹਿਰਾਂ ’ਚ 2019 ’ਚ ਦਫ਼ਤਰਾਂ ਲਈ 4.65 ਕਰੋੜ ਵਰਗ ਫੁੱਟ ਥਾਂ ਲਈ ਗਈ। ਜੇ. ਐੱਲ. ਐੱਲ. ਨੇ ਕਿਹਾ ਕਿ ਹਾਲਾਂਕਿ 2020 ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਵਰਕ ਪਲੇਸ ਦੀ ਮੰਗ 52 ਫ਼ੀਸਦੀ ਵੱਧ ਕੇ 82.7 ਲੱਖ ਵਰਗ ਫੁੱਟ ਰਹੀ ਜਦੋਂ ਕਿ ਇਸ ਤੋਂ ਪਿਛਲੀ ਤਿਮਾਹੀ ’ਚ ਮੰਗ 54.3 ਲੱਖ ਵਰਗ ਫੁੱਟ ਰਹੀ। ਇਸ ਸਾਲ ਜਨਵਰੀ-ਮਾਰਚ ਦੌਰਾਨ ਵਰਕ ਪਲੇਸ ਦੀ ਕੁੱਲ ਖ਼ਪਤ 88 ਲੱਖ ਵਰਗ ਫੁੱਟ ਰਹੀ। ਇਹ ਖ਼ਪਤ ਇਸ ਸਾਲ ਦੀ ਦੂਜੀ ਤਿਮਾਹੀ ’ਚ 33.2 ਲੱਖ ਵਰਗ ਫੁੱਟ ਰਹੀ ਸੀ।
ਜੇ. ਐੱਲ. ਐੱਲ. ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਕੰਟਰੀ ਹੈੱਡ ਰਮੇਸ਼ ਨਾਇਰ ਨੇ ਕਿਹਾ ਕਿ ਸਾਲ 2019 ’ਚ ਕੁਲ ਖਪਤ 4.6 ਕਰੋੜ ਵਰਗ ਫੁੱਟ ਤੋਂ ਉੱਪਰ ਇਤਿਹਾਸਿਕ ਪੱਧਰ ’ਤੇ ਰਹੀ ਸੀ। ਇਸ ਨਾਲ ਤੁਲਨਾ ਕੀਤੀ ਜਾਏ ਤਾਂ 2020 ’ਚ ਖਪਤ ’ਚ 44 ਫ਼ੀਸਦੀ ਦੀ ਗਿਰਾਵਟ ਆਈ।