ਬਿਨਾਂ ''ਆਧਾਰ'', ਹੁਣ ਜੁਲਾਈ ਤੋਂ ਨਹੀਂ ਹੋਣਗੇ ਇਹ ਜ਼ਰੂਰੀ ਕੰਮ

Monday, Jun 19, 2017 - 03:47 PM (IST)

ਨਵੀਂ ਦਿੱਲੀ— ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਬੈਂਕ ਖਾਤੇ ਖੋਲ੍ਹਣ ਲਈ ਆਧਾਰ ਜ਼ਰੂਰੀ ਕਰ ਦਿੱਤਾ ਹੈ। ਇਸ ਦੇ ਇਲਾਵਾ 50,000 ਰੁਪਏ ਜਾਂ ਇਸ ਤੋਂ ਵਧ ਦੇ ਲੈਣ-ਦੇਣ ਲਈ ਵੀ ਆਧਾਰ ਨੰਬਰ ਦੇਣਾ ਜ਼ਰੂਰੀ ਹੋਵੇਗਾ। ਹਾਲਾਂਕਿ ਮੌਜੂਦਾ ਖਾਤਾ ਧਾਰਕਾਂ ਨੂੰ 31 ਦਸੰਬਰ ਤਕ ਆਧਾਰ ਕਾਰਡ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ ਹੈ। ਅਜਿਹਾ ਨਹੀਂ ਕਰਨ 'ਤੇ ਬੈਂਕ ਖਾਤਾ ਰੋਕ ਦਿੱਤਾ ਜਾਵੇਗਾ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਸਰਕਾਰੀ ਕੰਮ ਜਾਂ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਨੂੰ ਜ਼ਰੂਰੀ ਕੀਤਾ ਗਿਆ ਹੈ। ਇਨਕਮ ਟੈਕਸ ਰਿਟਰਨ, ਪੈਨ ਕਾਰਡ, ਪਾਸਪੋਰਟ, ਕੈਰੋਸੀਨ ਸਬਸਿਡੀ ਅਤੇ ਮਿਡ-ਡੇ ਮੀਲ ਸਕੀਮ ਤਹਿਤ ਕਈ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਹੈ। ਜੇਕਰ ਤੁਸੀਂ ਹੁਣ ਤਕ ਆਧਾਰ ਕਾਰਡ ਨਹੀਂ ਬਣਵਾਇਆ ਹੈ ਤਾਂ 30 ਜੂਨ ਤਕ ਜ਼ਰੂਰੀ ਬਣਵਾ ਲਓ ਨਹੀਂ ਤਾਂ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣਾ ਮੁਸ਼ਕਿਲ ਹੋ ਸਕਦਾ ਹੈ। 
ਪਾਸਪੋਰਟ ਲਈ ਵੀ 'ਆਧਾਰ'

PunjabKesari
ਸਰਕਾਰ ਨੇ ਪਾਸਪੋਰਟ ਬਣਾਉਣ ਲਈ ਵੀ ਆਧਾਰ ਕਾਰਡ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ। ਜੇਕਰ ਤੁਸੀਂ ਪਾਸਪੋਰਟ ਬਣਾਉਣ ਲਈ ਆਧਾਰ ਕਾਰਡ ਜ਼ਰੂਰੀ ਦਸਤਾਵੇਜ਼ਾਂ ਦੇ ਤੌਰ 'ਤੇ ਸ਼ਾਮਲ ਨਾ ਕੀਤਾ ਤਾਂ ਤੁਹਾਡਾ ਪਾਸਪੋਰਟ ਨਹੀਂ ਬਣ ਸਕੇਗਾ। ਅਜਿਹੇ 'ਚ ਜੇਕਰ 1 ਜੁਲਾਈ ਤੋਂ ਬਾਅਦ ਪਾਸਪੋਰਟ ਬਣਵਾਉਣਾ ਹੈ, ਤਾਂ ਪਹਿਲਾਂ ਆਧਾਰ ਜ਼ਰੂਰ ਬਣਵਾ ਲਓ। ਉੱਥੇ ਹੀ, ਜੇਕਰ ਤੁਹਾਡੇ ਆਧਾਰ 'ਚ ਕੋਈ ਗਲਤੀ ਹੈ ਤਾਂ ਉਸ ਨੂੰ ਵੀ ਠੀਕ ਕਰਾ ਲਓ।
ਬਿਨਾਂ ਆਧਾਰ ਨਹੀਂ ਬਣੇਗਾ ਪੈਨ

PunjabKesari
ਹੁਣ ਨਵਾਂ ਪੈਨ ਕਾਰਡ ਲੈਣ ਲਈ 1 ਜੁਲਾਈ ਤੋਂ ਤੁਹਾਡਾ ਆਧਾਰ ਨੰਬਰ ਜ਼ਰੂਰੀ ਹੋਵੇਗਾ, ਨਹੀਂ ਤਾਂ ਤੁਸੀਂ ਪੈਨ ਕਾਰਡ ਨਹੀਂ ਬਣਵਾ ਸਕੋਗੇ। ਇਸ ਦੇ ਇਲਾਵਾ ਇਨਕਮ ਟੈਕਸ ਰਿਟਰਨ ਲਈ ਵੀ ਆਧਾਰ ਕਾਰਡ ਜ਼ਰੂਰੀ ਕੀਤਾ ਗਿਆ ਹੈ। ਹਾਲਾਂਕਿ ਜਿਨ੍ਹਾਂ ਕੋਲ ਆਧਾਰ ਨਹੀਂ ਹੈ ਉਨ੍ਹਾਂ ਨੂੰ ਅੰਸ਼ਿਕ ਤੌਰ 'ਤੇ ਛੋਟ ਦਿੱਤੀ ਗਈ ਹੈ। ਜਿਨ੍ਹਾਂ ਕੋਲ ਆਧਾਰ ਅਤੇ ਪੈਨ ਕਾਰਡ ਹਨ ਉਨ੍ਹਾਂ ਨੂੰ ਜ਼ਰੂਰੀ ਤੌਰ 'ਤੇ ਦੋਹਾਂ ਨੂੰ ਲਿੰਕ ਕਰਨਾ ਹੋਵੇਗਾ। ਇਸ ਲਈ 30 ਜੂਨ ਤਕ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਤੁਹਾਡੀ ਆਮਦਨ ਟੈਕਸ ਯੋਗ ਨਹੀਂ ਹੈ ਅਤੇ ਤੁਸੀਂ ਰਿਟਰਨ ਨਹੀਂ ਭਰਦੇ ਹੋ, ਤਾਂ ਵੀ ਆਧਾਰ ਲਿੰਕ ਕਰਨਾ ਜ਼ਰੂਰੀ ਹੈ। ਪੈਨ ਕਾਰਡ ਨਾਲ ਆਧਾਰ ਕਾਰਡ ਨਾ ਜੋੜਨ 'ਤੇ ਤੁਹਾਨੂੰ ਆਪਣਾ ਬੈਂਕ ਖਾਤਾ ਚਲਾਉਣ ਸਮੇਤ ਹੋਰ ਵਿੱਤੀ ਸੇਵਾਵਾਂ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੈਨ ਨਾਲ ਆਧਾਰ ਲਿੰਕ ਕਰਨ ਲਈ ਤੁਸੀਂ ਇਨਕਮ ਟੈਕਸ ਦੀ ਵੈੱਬਸਾਈਟ 'ਤੇ ਜਾ ਕੇ PAN-Aadhaar Linkage 'ਤੇ ਕਲਿੱਕ ਕਰਕੇ ਖੁਦ ਲਿੰਕ ਕਰ ਸਕਦੇ ਹੋ। 
ਐੱਲ. ਪੀ. ਜੀ. ਲਈ ਵੀ ਜ਼ਰੂਰੀ

PunjabKesari
ਸਰਕਾਰ ਵੱਲੋਂ ਮੁਫਤ 'ਚ ਦਿੱਤੇ ਜਾਣ ਵਾਲੇ ਰਸੋਈ ਗੈਸ ਕੁਨੈਕਸ਼ਨ ਲਈ 1 ਜੁਲਾਈ ਤੋਂ ਆਧਾਰ ਨੰਬਰ ਨੂੰ ਜ਼ਰੂਰੀ ਕੀਤਾ ਗਿਆ ਹੈ। ਉਜਵਲਾ ਸਕੀਮ ਤਹਿਤ ਸਰਕਾਰ ਵੱਲੋਂ ਰਸੋਈ ਗੈਸ ਕੁਨੈਕਸ਼ਨ ਮੁਫਤ ਦਿੱਤਾ ਜਾ ਰਿਹਾ ਹੈ। ਇਸ ਦੇ ਇਲਾਵਾ ਸਾਰੇ ਐੱਲ. ਪੀ. ਜੀ. ਕੁਨੈਕਸ਼ਨਾਂ ਲਈ ਆਧਾਰ ਨੂੰ ਜ਼ਰੂਰੀ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਰਸੋਈ ਗੈਸ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਲਈ ਆਧਾਰ ਨੰਬਰ ਜ਼ਰੂਰੀ ਕੀਤਾ ਗਿਆ ਸੀ। 
ਸਰਕਾਰੀ ਰਾਸ਼ਨ ਲਈ ਆਧਾਰ!
ਸਰਕਾਰੀ ਦੁਕਾਨਾਂ 'ਤੇ ਰਾਸ਼ਨ ਕਾਰਡ ਜ਼ਰੀਏ ਮਿਲਣ ਵਾਲੀਆਂ ਚੀਜ਼ਾਂ ਲਈ ਵੀ ਆਧਾਰ ਨੂੰ ਸਰਕਾਰ ਨੇ ਜ਼ਰੂਰੀ ਕਰ ਦਿੱਤਾ ਹੈ। ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ, ਤਾਂ 30 ਜੂਨ ਤਕ ਤੋਂ ਪਹਿਲਾਂ ਤੁਸੀਂ ਆਪਣਾ ਆਧਾਰ ਕਾਰਡ ਬਣਵਾ ਲਓ ਅਤੇ ਆਪਣੇ ਰਾਸ਼ਨ ਕਾਰਡ ਨਾਲ ਲਿੰਕ ਜ਼ਰੂਰ ਕਰਾਓ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ, ਤਾਂ ਕਿ ਯੋਜਨਾ ਦਾ ਸਹੀ ਲਾਭ ਸਹੀ ਲਾਭਪਾਤਰ ਨੂੰ ਮਿਲੇ। 
ਟਿਕਟ ਲਈ ਜ਼ਰੂਰੀ ਹੋਵੇਗਾ ਆਧਾਰ
ਰੇਲਵੇ ਨੇ ਸੀਨੀਅਰ ਸਿਟੀਜ਼ਨ ਨੂੰ ਟਿਕਟ 'ਚ ਛੋਟ ਲੈਣ ਲਈ ਆਧਾਰ ਜ਼ਰੂਰੀ ਕੀਤਾ ਹੈ। ਆਈ. ਆਰ. ਸੀ. ਟੀ. ਸੀ. ਵੀ ਟਿਕਟਾਂ ਦੀ ਕਾਲਾਬਜ਼ਾਰੀ ਰੋਕਣ ਲਈ ਆਧਾਰ ਕਾਰਡ ਨੂੰ ਜ਼ਰੂਰੀ ਕਰ ਚੁੱਕਾ ਹੈ। ਇਸ ਲਈ 30 ਜੂਨ ਆਖਰੀ ਤਰੀਕ ਹੈ। ਜੁਲਾਈ ਤੋਂ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਹੋਵੇਗਾ। ਉੱਥੇ ਹੀ ਆਉਣ ਵਾਲੇ ਦਿਨਾਂ 'ਚ ਹਵਾਈ ਟਿਕਟ ਲਈ ਵੀ ਆਧਾਰ ਜ਼ਰੂਰੀ ਕੀਤਾ ਜਾ ਸਕਦਾ ਹੈ। 


Related News