ਸੋਕੇ ਦੇ ਪੜਾਅ ’ਚ ਦਾਖ਼ਲ ਹੋਏ ਕਈ ਮਹਾਦੀਪ, ਜਾਣੋ ਧਰਤੀ ’ਤੇ ਕਿਉਂ ਘਟ ਰਹੀ ਤਾਜ਼ੇ ਪਾਣੀ ਦੀ ਮਾਤਰਾ

Wednesday, Nov 20, 2024 - 11:10 AM (IST)

ਜਲੰਧਰ (ਇੰਟ.) - ਨਾਸਾ ਅਤੇ ਜਰਮਨੀ ਦੇ ਉਪਗ੍ਰਹਿਆਂ ਤੋਂ ਪ੍ਰਾਪਤ ਨਿਰੀਖਣਾਂ ’ਤੇ ਆਧਾਰਿਤ ਖੋਜ ’ਚ ਵਿਗਿਆਨੀਆਂ ਨੇ ਦੇਖਿਆ ਹੈ ਕਿ ਮਈ 2014 ਤੋਂ ਬਾਅਦ ਧਰਤੀ ’ਤੇ ਮਿੱਠੇ ਜਾਂ ਤਾਜ਼ੇ ਪਾਣੀ ਦੀ ਕੁੱਲ ਮਾਤਰਾ ’ਚ ਅਚਾਨਕ ਕਮੀ ਆਈ ਹੈ। ਖੋਜਕਰਤਾਵਾਂ ਨੇ ਆਪਣੀ ਖੋਜ ’ਚ ਕਿਹਾ ਹੈ ਕਿ ਇਹ ਬਦਲਾਅ ਸੰਕੇਤ ਦੇ ਰਿਹਾ ਹੈ ਕਿ ਧਰਤੀ ਦੇ ਮਹਾਦੀਪ ਸੋਕੇ ਦੇ ਦੌਰ ’ਚ ਦਾਖਲ ਹੋ ਚੁੱਕੇ ਹਨ।

ਮਿੱਠੇ ਜਾਂ ਤਾਜ਼ੇ ਪਾਣੀ ਦੇ ਸੋਮਿਆਂ ’ਚ ਝੀਲਾਂ, ਨਦੀਆਂ ਅਤੇ ਜ਼ਮੀਨਦੋਜ਼ ਜਲ ਸ਼ਾਮਲ ਹਨ। ਖੋਜ ਅਨੁਸਾਰ, 2015 ਤੋਂ 2023 ਤੱਕ ਸੈਟੇਲਾਈਟ ਮਾਪ ਨੇ ਦਿਖਾਇਆ ਕਿ ਧਰਤੀ ’ਚ ਸਟੋਰ ਕੀਤੇ ਤਾਜ਼ੇ ਪਾਣੀ ਦੀ ਮਾਤਰਾ 2002 ਤੋਂ 2014 ਦੇ ਔਸਤ ਪੱਧਰ ਤੋਂ 1,200 ਘਣ ਕਿਲੋਮੀਟਰ ਤੋਂ ਘੱਟ ਸੀ।

ਉੱਤਰੀ ਤੇ ਮੱਧ ਬ੍ਰਾਜ਼ੀਲ ਤੋਂ ਹੋਈ ਪਾਣੀ ਘਟਣ ਦੀ ਸ਼ੁਰੂਆਤ

ਖੋਜਕਰਤਾਵਾਂ ਦੀ ਟੀਮ ਨੇ ਜਰਮਨ ਏਅਰੋਸਪੇਸ ਸੈਂਟਰ, ਜਰਮਨ ਰਿਸਰਚ ਸੈਂਟਰ ਫਾਰ ਜੀਓ ਸਾਇੰਸਜ਼ ਅਤੇ ਨਾਸਾ ਵੱਲੋਂ ਸੰਚਾਲਿਤ ਗ੍ਰੈਵਿਟੀ ਰਿਕਵਰੀ ਐਂਡ ਕਲਾਈਮੇਟ ਐਕਸਪੀਰੀਮੈਂਟ (ਗ੍ਰੇਸ) ਉਪਗ੍ਰਹਿਆਂ ਤੋਂ ਦੁਨੀਆ ਭਰ ’ਚ ਤਾਜ਼ੇ ਪਾਣੀ ਦੀ ਅਚਾਨਕ ਆਈ ਕਮੀ ਦਾ ਪਤਾ ਲਗਾਇਆ ਹੈ।

ਜੀ.ਆਰ.ਏ.ਸੀ.ਈ. ਸੈਟੇਲਾਈਟ ਮਾਸਕ ਪੈਮਾਨੇ ’ਤੇ ਧਰਤੀ ਦੀ ਗੁਰੂਤਾ ’ਚ ਉਤਰਾਅ-ਚੜ੍ਹਾਅ ਨੂੰ ਮਾਪਦੇ ਹਨ, ਜੋ ਜ਼ਮੀਨ ਦੇ ਉੱਪਰ ਅਤੇ ਹੇਠਾਂ ਪਾਣੀ ਦੇ ਪੁੰਜ ’ਚ ਤਬਦੀਲੀਆਂ ਨੂੰ ਪ੍ਰਗਟ ਕਰਦੇ ਹਨ।

ਅਧਿਐਨ ’ਚ ਕਿਹਾ ਗਿਆ ਹੈ ਕਿ ਵਿਸ਼ਵ ਭਰ ’ਚ ਤਾਜ਼ੇ ਪਾਣੀ ਦੀ ਗਿਰਾਵਟ ਉੱਤਰੀ ਅਤੇ ਮੱਧ ਬ੍ਰਾਜ਼ੀਲ ’ਚ ਇਕ ਵੱਡੇ ਸੋਕੇ ਨਾਲ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਆਸਟ੍ਰੇਲੀਆ, ਦੱਖਣੀ ਅਮਰੀਕਾ, ਉੱਤਰੀ ਅਮਰੀਕਾ, ਯੂਰਪ ਅਤੇ ਅਫਰੀਕਾ ’ਚ ਫੈਲ ਗਈ।

2014 ਦੇ ਅਖੀਰ ਤੋਂ 2016 ਤੱਕ ਗਰਮ ਦੇਸ਼ਾਂ ਦੇ ਪ੍ਰਸ਼ਾਂਤ ਖੇਤਰ ’ਚ ਸਮੁੰਦਰੀ ਤਾਪਮਾਨਾਂ ’ਚ ਵਾਧਾ 1950 ਦੇ ਦਹਾਕੇ ਤੋਂ ਬਾਅਦ ਸਭ ਤੋਂ ਵੱਡੀ ਅਲ ਨੀਨੋ ਘਟਨਾਵਾਂ ’ਚੋਂ ਇਕ ਦਾ ਕਾਰਨ ਬਣਿਆ, ਜਿਸ ਨਾਲ ਵਾਯੂ ਮੰਡਲ ਦੀਆਂ ਧਾਰਾਵਾਂ ’ਚ ਤਬਦੀਲੀਆਂ ਆਈਆਂ, ਜਿਨ੍ਹਾਂ ਨੇ ਦੁਨੀਆ ਭਰ ’ਚ ਮੌਸਮ ਅਤੇ ਬਾਰਿਸ਼ ਦੇ ਰੂਝਾਨ ਨੂੰ ਬਦਲ ਦਿੱਤਾ।

ਤਾਜ਼ੇ ਪਾਣੀ ਦੀ ਕਮੀ ਦੇ ਕੀ ਕਾਰਨ

ਡਾਊਨ ਟੂ ਅਰਥ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੋਕੇ ਦੇ ਸਮੇਂ ’ਚ ਸਿੰਚਾਈ ਵਾਲੀ ਖੇਤੀ ਵਧਦੀ ਹੈ। ਖੇਤਾਂ ਅਤੇ ਸ਼ਹਿਰਾਂ ਨੂੰ ਧਰਤੀ ਹੇਠਲੇ ਪਾਣੀ ’ਤੇ ਜ਼ਿਆਦਾ ਨਿਰਭਰ ਰਹਿਣਾ ਪੈਂਦਾ ਹੈ।

ਇਹ ਪ੍ਰਕਿਰਿਆ ਧਰਤੀ ਹੇਠਲੇ ਪਾਣੀ ਦੀ ਸਪਲਾਈ ’ਚ ਗਿਰਾਵਟ ਦਾ ਇਕ ਚੱਕਰ ਸ਼ੁਰੂ ਕਰਦੀ ਹੈ ਅਤੇ ਤਾਜ਼ੇ ਪਾਣੀ ਦੀ ਸਪਲਾਈ ਖਤਮ ਹੋ ਜਾਂਦੀ ਹੈ। ਮੀਂਹ ਅਤੇ ਬਰਫਬਾਰੀ ਉਨ੍ਹਾਂ ਨੂੰ ਭਰਨ ’ਚ ਅਸਫਲ ਰਹਿੰਦੀ ਹੈ, ਜਦ ਕਿ ਲੋੜ ਤੋਂ ਵੱਧ ਧਰਤੀ ਹੇਠਲੇ ਪਾਣੀ ਨੂੰ ਬਾਹਰ ਕੱਢਿਆ ਜਾਂਦਾ ਹੈ।

ਸਾਲ 2024 ’ਚ ਪ੍ਰਕਾਸ਼ਿਤ ਹੋਣ ਵਾਲੀ ਪਾਣੀ ਦੀ ਕਮੀ ਬਾਰੇ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਉਪਲਬਧ ਪਾਣੀ ’ਚ ਕਮੀ ਕਿਸਾਨਾਂ ਅਤੇ ਭਾਈਚਾਰਿਆਂ ’ਤੇ ਦਬਾਅ ਪਾਉਂਦੀ ਹੈ, ਜਿਸ ਨਾਲ ਅਕਾਲ, ਸੰਘਰਸ਼, ਗਰੀਬੀ ਅਤੇ ਬੀਮਾਰੀਆਂ ਦਾ ਖਤਰਾ ਵਧਦਾ ਹੈ। ਅਜਿਹੀ ਸਥਿਤੀ ’ਚ ਲੋਕ ਦੂਸ਼ਿਤ ਪਾਣੀ ਦੇ ਸੋਮਿਆਂ ਦੀ ਵਰਤੋਂ ਕਰਨ ਲਈ ਮਜਬੂਰ ਹੁੰਦੇ ਹਨ।

ਗਲੋਬਲ ਵਾਰਮਿੰਗ ਵੀ ਹੋ ਸਕਦੀ ਹੈ ਵੱਡਾ ਕਾਰਨ

ਹਾਲਾਂਕਿ ਅਲ ਨੀਨੋ ਦੇ ਘੱਟਣ ਤੋਂ ਬਾਅਦ ਵੀ ਦੁਨੀਆ ਭਰ ’ਚ ਤਾਜ਼ੇ ਪਾਣੀ ਦਾ ਪੱਧਰ ਨਹੀਂ ਵਧਿਆ। ਜੀ.ਆਰ.ਏ.ਸੀ.ਈ. ਵੱਲੋਂ ਦੇਖੇ ਗਏ ਦੁਨੀਆ ਦੇ 30 ਸਭ ਤੋਂ ਤੀਬਰ ਸੋਕੇ 13 ਜਨਵਰੀ 2015 ਤੋਂ ਬਾਅਦ ਹੋਏ ਹਨ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਤਾਜ਼ੇ ਪਾਣੀ ਦੀ ਲਗਾਤਾਰ ਕਮੀ ਲਈ ਗਲੋਬਲ ਵਾਰਮਿੰਗ ਵੀ ਜ਼ਿੰਮੇਵਾਰ ਹੋ ਸਕਦੀ ਹੈ।

ਨਾਸਾ ਦੇ ਇਕ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਵਾਯੂ ਮੰਡਲ ’ਚ ਜ਼ਿਆਦਾ ਪਾਣੀ ਦੀ ਭਾਫ ਇਕੱਠੀ ਹੋ ਜਾਂਦੀ ਹੈ, ਜਿਸ ਕਾਰਨ ਜ਼ਿਆਦਾ ਮੀਂਹ ਪੈਂਦਾ ਹੈ, ਜਦ ਕਿ ਸਾਲ ਭਰ ’ਚ ਕੁੱਲ ਬਾਰਿਸ਼ ਅਤੇ ਬਰਫ਼ਬਾਰੀ ਦੇ ਪੱਧਰ ’ਚ ਕੋਈ ਵੱਡਾ ਬਦਲਾਅ ਨਹੀਂ ਹੁੰਦਾ ਹੈ। ਤਿੱਖੀ ਬਾਰਿਸ਼ ਦੀਆਂ ਘਟਨਾਵਾਂ ਵਿਚਕਾਰ ਲੰਬਾ ਸਮਾਂ ਮਿੱਟੀ ਨੂੰ ਸੁੱਕਾ ਅਤੇ ਵਧੇਰੇ ਸੰਕੁਚਿਤ ਹੋਣ ਦਿੰਦਾ ਹੈ। ਇਹ ਮੀਂਹ ਪੈਣ ’ਤੇ ਜ਼ਮੀਨ ਵੱਲੋਂ ਸੋਖਣ ਵਾਲੇ ਪਾਣੀ ਦੀ ਮਾਤਰਾ ਨੂੰ ਘਟਾਉਂਦਾ ਹੈ।


Harinder Kaur

Content Editor

Related News