ਟਰੰਪ ਦੇ ‘ਅਮਰੀਕਾ ਫਸਟ’ ਏਜੰਡੇ ਨਾਲ ਭਾਰਤੀ ਬਰਾਮਦਕਾਰਾਂ ਨੂੰ ਕਰਨਾ ਪੈ ਸਕਦੈ ਕਈ ਚੁਣੌਤੀਆਂ ਦਾ ਸਾਹਮਣਾ

Thursday, Nov 07, 2024 - 11:27 AM (IST)

ਟਰੰਪ ਦੇ ‘ਅਮਰੀਕਾ ਫਸਟ’ ਏਜੰਡੇ ਨਾਲ ਭਾਰਤੀ ਬਰਾਮਦਕਾਰਾਂ ਨੂੰ ਕਰਨਾ ਪੈ ਸਕਦੈ ਕਈ ਚੁਣੌਤੀਆਂ ਦਾ ਸਾਹਮਣਾ

ਨਵੀਂ ਦਿੱਲੀ (ਭਾਸ਼ਾ) - ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਿਰ ਸੱਤਾ ’ਚ ਆਉਣ ਦੀ ਸੰਭਾਵਨਾ ’ਚ ਭਾਰਤੀ ਬਰਾਮਦਕਾਰਾਂ ਨੂੰ ਉਨ੍ਹਾਂ ਦੇ ‘ਅਮਰੀਕਾ ਫਸਟ’ ਏਜੰਡੇ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਹਿਰਾਂ ਅਨੁਸਾਰ ਟਰੰਪ ਪ੍ਰਸ਼ਾਸਨ ਜੇਕਰ ਇਸ ਨੀਤੀ ਨੂੰ ਫਿਰ ਲਾਗੂ ਕਰਦਾ ਹੈ, ਤਾਂ ਭਾਰਤੀ ਉਤਪਾਦਾਂ ਜਿਵੇਂ ਵਾਹਨ, ਕੱਪੜਾ ਅਤੇ ਫਾਰਮਾ ਸਾਮਾਨ ’ਤੇ ਉੱਚ ਡਿਊਟੀ ਲਾਈ ਜਾ ਸਕਦੀ ਹੈ, ਜਿਸ ਨਾਲ ਭਾਰਤੀ ਬਰਾਮਦਕਾਰਾਂ ਲਈ ਮੁਕਾਬਲੇਬਾਜ਼ੀ ਵਧ ਸਕਦੀ ਹੈ ਅਤੇ ਮਾਲੀਆ ’ਤੇ ਅਸਰ ਪੈ ਸਕਦਾ ਹੈ।

ਚੀਨ ਤੋਂ ਬਾਅਦ ਭਾਰਤ ’ਤੇ ਵੀ ਡਿਊਟੀ ਵਧਾਉਣ ਦੀ ਸੰਭਾਵਨਾ

ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਲਈ ਅਮਰੀਕਾ ਨੂੰ ਵਪਾਰਕ ਨਜ਼ਰ ਤੋਂ ਜ਼ਿਆਦਾ ਸੁਤੰਤਰ ਬਣਾਉਣਾ ਪਹਿਲ ਹੋਵੇਗੀ। ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦੇ ਸੰਸਥਾਪਕ ਅਜੈ ਸ਼੍ਰੀਵਾਸਤਵ ਅਨੁਸਾਰ ਟਰੰਪ ਪਹਿਲਾਂ ਹੀ ਭਾਰਤ ਨੂੰ ‘ਟੈਰਿਫ ਕਿੰਗ’ ਅਤੇ ਵੱਡਾ ਡਿਊਟੀ ਦੁਰਉਪਯੋਗਕਰਤਾ’ ਕਰਾਰ ਦੇ ਚੁੱਕੇ ਹਨ ਅਤੇ ਉਨ੍ਹਾਂ ਦੇ ਦੁਬਾਰਾ ਰਾਸ਼ਟਰਪਤੀ ਬਣਨ ’ਤੇ ਭਾਰਤੀ ਵਸਤਾਂ ’ਤੇ ਡਿਊਟੀ ਵਧਾਏ ਜਾਣ ਦੀ ਸੰਭਾਵਨਾ ਹੈ। ਇਸ ਨਾਲ ਭਾਰਤੀ ਉਤਪਾਦਾਂ ਦੀ ਅਮਰੀਕਾ ’ਚ ਮੁਕਾਬਲੇਬਾਜ਼ੀ ਕਮਜ਼ੋਰ ਹੋ ਸਕਦੀ ਹੈ, ਵਿਸ਼ੇਸ਼ ਰੂਪ ਨਾਲ ਵਾਹਨ, ਸ਼ਰਾਬ, ਕੱਪੜਾ ਅਤੇ ਫਾਰਮਾ ਖੇਤਰ ’ਚ।

ਐੱਚ-1ਬੀ ਵੀਜ਼ਾ ਨਿਯਮਾਂ ’ਚ ਬਦਲਾਅ ਦਾ ਅਸਰ

ਭਾਰਤ ਦੀਆਂ ਸੂਚਨਾ ਤਕਨੀਕੀ (ਆਈ. ਟੀ.) ਕੰਪਨੀਆਂ ਲਈ ਇਕ ਹੋਰ ਚਿੰਤਾ ਦਾ ਵਿਸ਼ਾ ਟਰੰਪ ਵੱਲੋਂ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਜਾ ਸਕਦਾ ਹੈ, ਜਿਸ ਨਾਲ ਭਾਰਤੀ ਆਈ. ਟੀ. ਖੇਤਰ ਦੀ ਲਾਗਤ ’ਚ ਵਾਧਾ ਹੋ ਸਕਦਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਅਤੇ ਭਾਰਤੀ ਆਈ. ਟੀ. ਬਰਾਮਦ ਦਾ 80 ਫੀਸਦੀ ਤੋਂ ਜ਼ਿਆਦਾ ਅਮਰੀਕਾ ਤੋਂ ਆਉਂਦਾ ਹੈ, ਅਜਿਹੇ ’ਚ ਵੀਜ਼ਾ ਨੀਤੀਆਂ ’ਚ ਬਦਲਾਅ ਭਾਰਤੀ ਕੰਪਨੀਆਂ ਲਈ ਵੱਡਾ ਆਰਥਿਕ ਸੰਕਟ ਪੈਦਾ ਕਰ ਸਕਦਾ ਹੈ।

ਬਰਾਮਦਕਾਰਾਂ ਲਈ ਨਵੇਂ ਮੌਕੇ ਵੀ ਹੋ ਸਕਦੇ ਹਨ

ਹਾਲਾਂਕਿ, ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਚੀਨ ਪ੍ਰਤੀ ਸਖਤ ਰੁਖ ਭਾਰਤੀ ਬਰਾਮਦਕਾਰਾਂ ਲਈ ਕੁਝ ਨਵੇਂ ਮੌਕੇ ਪੈਦਾ ਕਰ ਸਕਦਾ ਹੈ ਕਿਉਂਕਿ ਚੀਨ ਅਤੇ ਅਮਰੀਕਾ ’ਚ ਵਪਾਰ ਜੰਗ ’ਚ ਭਾਰਤ ਨੂੰ ਲਾਭ ਮਿਲ ਸਕਦਾ ਹੈ।

ਸਰਪ੍ਰਸਤੀ ਦਾ ਵਧ ਰਿਹਾ ਰੁਝਾਨ

ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਦਾ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ’ (ਐੱਮ. ਏ. ਜੀ.) ਏਜੰਡਾ ਕੌਮਾਂਤਰੀ ਵਪਾਰ ’ਚ ਜ਼ਿਆਦਾ ਸਰਪ੍ਰਸਤੀ ਲਿਆ ਸਕਦਾ ਹੈ। ਇਕ ਅੰਤਰਰਾਸ਼ਟਰੀ ਵਪਾਰ ਮਾਹਿਰ ਬਿਸਵਜੀਤ ਧਰ ਨੇ ਚਿਤਾਵਨੀ ਦਿੱਤੀ ਕਿ ਇਸ ਨੀਤੀ ਨਾਲ ਭਾਰਤੀ ਬਰਾਮਦਕਾਰਾਂ ’ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਅਤੇ ਵਿਸ਼ੇਸ਼ ਰੂਪ ਨਾਲ ਇਲੈਕਟ੍ਰਾਨਿਕਸ ਵਰਗੇ ਖੇਤਰਾਂ ’ਚ ਡਿਊਟੀ ਵਧਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ, ਭਾਰਤੀ ਬਰਾਮਦ ਸੰਗਠਨਾਂ ਦੇ ਮਹਾਸੰਘ (ਫਿਓ) ਦੇ ਡਾਇਰੈਕਟਰ ਜਨਰਲ ਅਜੈ ਸਹਾਏ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਵਪਾਰ ਵਿਵਾਦਾਂ ਨੂੰ ਜਨਮ ਦੇ ਸਕਦਾ ਹੈ ਕਿਉਂਕਿ ਸਰਪ੍ਰਸਤੀ ਦੀਆਂ ਗੱਲਾਂ ਦੇ ਨਾਲ-ਨਾਲ ਸਖਤ ਇਮੀਗ੍ਰੇਸ਼ਨ ਨਿਯਮ ਵੀ ਜਾਰੀ ਰਹਿ ਸਕਦੇ ਹਨ।

ਇਸ ਤਰ੍ਹਾਂ ਟਰੰਪ ਦੇ ਫਿਰ ਤੋਂ ਰਾਸ਼ਟਰਪਤੀ ਬਣਨ ’ਤੇ ਭਾਰਤੀ ਬਰਾਮਦਕਾਰਾਂ ਨੂੰ ਇਕ ਚੁਣੌਤੀ ਭਰਪੂਰ ਕਾਰੋਬਾਰੀ ਮਾਹੌਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂਕਿ ਕੁਝ ਖੇਤਰਾਂ ’ਚ ਨਵੇਂ ਮੌਕੇ ਵੀ ਪੈਦਾ ਹੋ ਸਕਦੇ ਹਨ।


author

Harinder Kaur

Content Editor

Related News