ਥੋਕ ਮਹਿੰਗਾਈ ਨਵੰਬਰ 'ਚ ਵਧ ਕੇ ਹੋਈ 0.58 ਫੀਸਦੀ

12/16/2019 1:02:59 PM

ਨਵੀਂ ਦਿੱਲੀ — ਥੋਕ ਮੁੱਲ ਸੂਚਕ ਅੰਕ ਅਧਾਰਿਤ ਮਹਿੰਗਾਈ ਦੇ ਅੰਕੜੇ ਸੋਮਵਾਰ ਯਾਨੀ ਕਿ ਅੱਜ ਜਾਰੀ ਕੀਤੇ ਗਏ ਹਨ। ਸਰਕਾਰੀ ਅੰਕੜਿਆਂ ਅਨੁਸਾਰ ਥੋਕ ਮੁੱਲ 'ਤੇ ਅਧਾਰਿਤ ਮਹਿੰਗਾਈ ਨਵੰਬਰ 2019 'ਚ 0.10 ਫੀਸਦੀ ਵਧ ਕੇ 122.3 ਦੇ ਪੱਧਰ 'ਤੇ ਆ ਗਈ , ਜਿਹੜੀ ਕਿ ਇਸ ਤੋਂ ਪਿਛਲੇ ਮਹੀਨੇ ਯਾਨੀ ਅਕਤੂਬਰ 'ਚ 122.2 ਦੇ ਪੱਧਰ 'ਤੇ ਸੀ। ਨਵੰਬਰ ਮਹੀਨੇ 'ਚ ਥੋਕ ਮੁੱਲ ਸੂਚਕ ਅੰਕ ਅਧਾਰਿਤ ਮਹਿੰਗਾਈ 0.58 ਫੀਸਦੀ 'ਤੇ ਆ ਗਈ ਹੈ।

ਖੁਦਰਾ ਮਹਿੰਗਾਈ ਦਰ ਤਿੰਨ ਸਾਲ ਦੇ ਉੱਚ ਪੱਧਰ 'ਤੇ

ਇਸ ਤੋਂ ਪਹਿਲਾਂ ਉਦਯੋਗਿਕ ਉਤਪਾਦਨ ਘਟਣ ਦੀ ਖਬਰ ਆਈ ਸੀ। ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਚੜਣ ਨਾਲ ਨਵੰਬਰ ਮਹੀਨੇ 'ਚ ਥੋਕ ਮਹਿੰਗਾਈ ਦੀ ਦਰ ਵਧ ਕੇ 5.54 ਫੀਸਦੀ 'ਤੇ ਪਹੁੰਚ ਗਈ ਹੈ। ਇਹ ਇਸ ਦਾ ਤਿੰਨ ਸਾਲ ਦਾ ਉੱਚ ਪੱਧਰ ਹੈ। ਉਪਭੋਗਤਾ ਮੁੱਲ ਸੂਚਕਾਂਤ ਅਧਾਰਿਤ ਮਹਿੰਗਾਈ ਇਸੇ ਸਾਲ ਅਕਤੂਬਰ 'ਚ 4.62 ਫੀਸਦੀ ਅਤੇ ਨਵੰਬਰ 2018 'ਚ 2.33 ਫੀਸਦੀ ਰਹੀ ਸੀ।

ਕੇਂਦਰੀ ਅੰਕੜਾ ਦਫਤਰ(NSO) ਵਲੋਂ ਜਾਰੀ ਅੰਕੜਿਆਂ ਅਨੁਸਾਰ ਮਹੀਨੇ ਦੌਰਾਨ ਖੁਰਾਕ ਮਹਿੰਗਾਈ ਵਧ ਕੇ 10.01 ਫੀਸਦੀ 'ਤੇ ਪਹੁੰਚ ਗਈ। ਅਕਤੂਬਰ ਵਿਚ ਇਹ 7.89 ਫੀਸਦੀ ਅਤੇ ਇਕ ਸਾਲ ਪਹਿਲਾਂ ਇਸ ਮਹੀਨੇ ਵਿਚ 2.61 ਫੀਸਦੀ ਸੀ। ਇਸ ਤੋਂ ਪਹਿਲਾਂ ਜੁਲਾਈ 2016 'ਚ ਥੋਕ ਮਹਿੰਗਾਈ 6.07 ਫੀਸਦੀ ਦਰਜ ਕੀਤੀ ਗਈ ਸੀ। 

ਉਦਯੋਗਿਕ ਉਤਪਾਦਨ 'ਚ ਆਈ ਕਮੀ

ਅਕਤੂਬਰ 'ਚ ਉਦਯੋਗਿਕ ਉਤਪਾਦਨ 3.8 ਫੀਸਦੀ ਡਿੱਗਿਆ ਜਦੋਂਕਿ ਇਕ ਸਾਲ ਪਹਿਲਾਂ ਇਸ ਮਹੀਨੇ 'ਚ ਉਦਯੋਗਿਕ ਉਤਪਾਦਨ 8.4 ਫੀਸਦੀ ਵਧਿਆ ਸੀ। ਉਦਯੋਗਿਕ ਉਤਪਾਦਨ ਸੂਚਕਾਂਕ ਦੇ ਰੂਪ 'ਚ ਮਾਪਿਆ ਜਾਂਦਾ ਹੈ। ਨਿਰਮਾਣ ਖੇਤਰ ਵਿਚ ਵੀ ਨਰਮੀ ਦਰਜ ਕੀਤੀ ਗਈ ਹੈ। ਇਸ ਵਿਚ ਅਕਤੂਬਰ ਮਹੀਨੇ ਵਿਚ 2.1 ਫੀਸਦੀ ਦੀ ਗਿਰਾਵਟ ਆਈ ਜਦੋਂਕਿ ਇਕ ਸਾਲ ਪਹਿਲਾਂ ਇਸ ਮਹੀਨੇ 'ਚ 8.2 ਫੀਸਦੀ ਦਾ ਵਾਧਾ ਹੋਇਆ ਸੀ।

ਅੰਕੜਿਆਂ ਅਨੁਸਾਰ ਬਿਜਲੀ ਉਤਪਾਦਨ 'ਚ ਅਕਤੂਬਰ 2019 'ਚ ਵੱਡੀ 12.2 ਫੀਸਦੀ ਦੀ ਗਿਰਾਵਟ ਆਈ ਹੈ ਜਦੋਂਕਿ ਪਿਛਲੇ ਸਾਲ ਇਸੇ ਮਹੀਨੇ ਇਸ 'ਚ 10.8 ਫੀਸਦੀ ਦਾ ਵਾਧਾ ਹੋਇਆ ਸੀ। ਮਾਈਨਿੰਗ ਉਤਪਾਦਨ ਵੀ ਇਸ ਮਹੀਨੇ 8 ਫੀਸਦੀ ਡਿੱਗਾ ਜਦੋਂਕਿ ਪਿਛਲੇ ਵਿੱਤੀ ਸਾਲ ਦੇ ਇਸੇ ਮਹੀਨੇ 'ਚ ਇਸ 'ਚ 7.3 ਫੀਸਦੀ ਦਾ ਵਾਧਾ ਹੋਇਆ ਸੀ।


Related News