ਵਿਸ਼ਵ ਪੱਧਰੀ ਬਣੇਗਾ ਇਹ ਸਟੇਸ਼ਨ, ਪ੍ਰਾਜੈਕਟ ਹਾਸਲ ਕਰਨ ਦੀ ਦੌੜ 'ਚ ਅਡਾਨੀ!

Thursday, May 27, 2021 - 02:36 PM (IST)

ਵਿਸ਼ਵ ਪੱਧਰੀ ਬਣੇਗਾ ਇਹ ਸਟੇਸ਼ਨ, ਪ੍ਰਾਜੈਕਟ ਹਾਸਲ ਕਰਨ ਦੀ ਦੌੜ 'ਚ ਅਡਾਨੀ!

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਕਨੌਟ ਪਲੇਸ ਤੋਂ ਕੁਝ ਕੁ ਕਦਮ ਦੀ ਦੂਰੀ 'ਤੇ ਸਥਿਤ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਵਿਸ਼ਵ ਪੱਧਰੀ ਵਿਕਾਸ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਸਟੇਸ਼ਨ ਨੂੰ ਨਵਾਂ ਰੂਪ ਦੇਣ ਲਈ ਟੈਂਡਰ ਨਿਕਲਣ ਵਾਲੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਅਡਾਨੀ, ਜੀ. ਐੱਮ. ਆਰ. ਸਣੇ 9 ਵੱਡੀਆਂ ਕੰਪਨੀਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਪ੍ਰਾਜੈਕਟ ਨੂੰ ਪ੍ਰਾਪਤ ਕਰਨ ਦੀ ਦੌੜ ਵਿਚ ਸ਼ਾਮਲ ਹਨ।

ਰੇਲਵੇ ਮੰਤਰਾਲਾ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਲਈ 6,500 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਹੈ। ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਉਦੇਸ਼ ਹੈ। ਇਸ ਲਈ ਪਿਛਲੀ ਫਰਵਰੀ ਵਿਚ ਬੋਲੀ ਲਾਉਣ ਦੀ ਯੋਗਤਾ ਲਈ ਕੰਪਨੀਆਂ ਕੋਲੋਂ ਆਰ. ਐੱਫ. ਕਿਊ. ਯਾਨੀ ਬੇਨਤੀ ਪੱਤਰ ਮੰਗੇ ਗਏ ਸਨ।

ਸਟੇਸ਼ਨਾਂ ਦੇ ਆਧੁਨਿਕੀਕਰਨ ਦੀ ਯੋਜਨਾ ਦੇਖਣ ਵਾਲੀ ਰੇਲ ਵਿਕਾਸ ਨਿਗਮ ਲਿਮਟਿਡ ਮੁਤਾਬਕ, ਇਸ ਪ੍ਰਾਜੈਕਟ ਵਿਚ ਬੋਲੀ ਲਾਉਣ ਲਈ ਅਡਾਨੀ ਰੇਲਵੇ ਟ੍ਰਾਂਸਪੋਰਟ, ਜੀ. ਐੱਮ. ਆਰ. ਗਰੁੱਪ, ਅਰਬੀਅਨ ਕੰਸਟ੍ਰਕਸ਼ਨ ਕੰਪਨੀ, ਐਂਕਰੇਜ ਇੰਫਰਾਸਟ੍ਰਕਚਰ ਅਤੇ ਕਲਪਤਰੂਰ ਪਾਵਰ ਟ੍ਰਾਂਸਮਿਸ਼ਨ ਸਣੇ 9 ਕੰਪਨੀਆਂ ਨੂੰ ਯੋਗ ਪਾਇਆ ਗਿਆ ਹੈ।

ਇਸ ਵਿਚੋਂ ਅਡਾਨੀ ਅਤੇ ਜੀ. ਐੱਮ. ਆਰ. ਗਰੁੱਪ ਮਜਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਹਾਲਾਂਕਿ, ਇਹ ਵਿਕਾਸ ਪ੍ਰਾਜੈਕਟ ਕਿਸ ਦੇ ਹੱਥ ਜਾਵੇਗਾ, ਇਸ ਦਾ ਫ਼ੈਸਲਾ ਟੈਂਡਰ ਤੋਂ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਗੱਲ ਦਾ ਫ਼ੈਸਲਾ ਹੋ ਜਾਵੇਗਾ। ਨਿੱਜੀ ਕੰਪਨੀਆਂ ਲਈ ਇਹ ਸਟੇਸ਼ਨ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਇਹ ਰਣਨੀਤਕ ਰੂਪ ਨਾਲ ਦਿੱਲੀ ਦੇ ਕੇਂਦਰ ਵਿਚ ਸਥਿਤ ਹੈ। ਇਹ ਕਨੌਟ ਪਲੇਸ ਦੇ ਬਹੁਤ ਨੇੜੇ ਹੈ, ਜੋ ਕਿ ਦਿੱਲੀ ਦਾ ਪ੍ਰਮੁੱਖ ਵਪਾਰਕ ਸਥਾਨ ਹੈ। ਇਹ ਏਅਰਪੋਰਟ ਐਕਸਪ੍ਰੈਸ ਲਾਈਨ ਮੈਟਰੋ ਰਾਹੀਂ ਆਈ. ਜੀ. ਆਈ. ਏਅਰਪੋਰਟ ਅਤੇ ਯੈਲੋ ਲਾਈਨ ਮੈਟਰੋ ਰਾਹੀਂ ਦਿੱਲੀ-ਐੱਨ. ਸੀ. ਆਰ. ਨਾਲ ਜੁੜਿਆ ਹੋਇਆ ਹੈ। 


author

Sanjeev

Content Editor

Related News