ਕਿਥੇ ਜਾ ਕੇ ਰੁਕੇਗੀ ਰੁਪਏ ਦੀ ਗਿਰਾਵਟ

07/24/2022 1:58:43 PM

ਹਾਲ ਹੀ ’ਚ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 80 ਰੁਪਏ ਦੇ ਪੱਧਰ ਤੋਂ ਹੇਠਾਂ ਚਲਾ ਗਿਆ। ਕਹਿਣ ਦਾ ਮਤਲਬ ਹੈ ਕਿ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋ ਰਿਹਾ ਹੈ, ਜਿਸ ਦਾ ਪ੍ਰਮੁੱਖ ਕਾਰਨ ਬਾਜ਼ਾਰ ’ਚ ਰੁਪਏ ਦੀ ਤੁਲਨਾ ’ਚ ਡਾਲਰ ਦੀ ਮੰਗ ਵੱਧ ਹੈ। ਰੁਪਏ ਦੀ ਤੁਲਨਾ ’ਚ ਡਾਲਰ ਦੀ ਵਧੀ ਹੋਈ ਮੰਗ, ਦੋ ਕਾਰਕਾਂ ਦੇ ਕਾਰਨ ਵਧ ਰਹੀ ਹੈ। ਪਹਿਲਾ, ਇਹ ਕਿ ਭਾਰਤੀ ਜਿੰਨੀ ਬਰਾਮਦ ਕਰਦੇ ਹਨ, ਉਸ ਨਾਲੋਂ ਵੱਧ ਵਸਤੂਆਂ ਅਤੇ ਸੇਵਾਵਾਂ ਦੀ ਦਰਾਮਦਗੀ ਕਰਦੇ ਹਨ। ਇਸ ਨੂੰ ਹੀ ਕਰੰਟ ਅਕਾਊਂਟ ਡੈਫਿਸਿਟ ਭਾਵ ਚਾਲੂ ਖਾਤੇ ਦਾ ਘਾਟਾ ਕਿਹਾ ਜਾਂਦਾ ਹੈ। ਇਸ ਦਾ ਭਾਵ ਇਹ ਹੈ ਕਿ ਜੋ ਰੁਪਿਆ ਆ ਰਿਹਾ ਹੈ ਉਸ ਤੋਂ ਵੱਧ ਵਿਦੇਸ਼ੀ ਮੁਦਰਾ (ਖਾਸ ਕਰ ਕੇ ਡਾਲਰ) ਭਾਰਤ ਤੋਂ ਬਾਹਰ ਨਿਕਲ ਰਹੀ ਹੈ। ਇਸ ਦੇ ਕਈ ਕਾਰਨ ਹਨ। 2022 ਦੀ ਸ਼ੁਰੂਆਤ ਦੇ ਬਾਅਦ ਤੋਂ, ਜਿਵੇਂ ਕਿ ਯੂਕ੍ਰੇਨ ’ਚ ਜੰਗ ਦੇ ਮੱਦੇਨਜ਼ਰ ਕੱਚੇ ਤੇਲ ਅਤੇ ਹੋਰ ਕਮੋਡਿਟੀਜ਼ ਦੀਆਂ ਕੀਮਤਾਂ ’ਚ ਵਾਧਾ ਹੋਣ ਲੱਗਾ ਹੈ, ਜਿਸ ਦੇ ਕਾਰਨ ਭਾਰਤ ਦਾ ਚਾਲੂ ਘਾਟਾ ਤੇਜ਼ੀ ਨਾਲ ਵਧਿਆ ਹੈ।

ਦੂਜਾ, ਭਾਰਤੀ ਅਰਥਵਿਵਸਥਾ ’ਚ ਨਿਵੇਸ਼ ’ਚ ਗਿਰਾਵਟ ਦਰਜ ਕੀਤੀ ਗਈ ਹੈ ਪਰ 2022 ਦੀ ਸ਼ੁਰੂਆਤ ਦੇ ਬਾਅਦ ਤੋਂ, ਵੱਧ ਤੋਂ ਵੱਧ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰਾਂ ’ਚੋਂ ਪੈਸਾ ਕੱਢ ਰਹੇ ਹਨ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਭਾਰਤ ਦੀ ਤੁਲਨਾ ’ਚ ਅਮਰੀਕਾ ’ਚ ਵਿਆਜ ਦਰਾਂ ਬੜੀ ਤੇਜ਼ੀ ਨਾਲ ਵਧ ਰਹੀਆਂ ਹਨ। ਅਮਰੀਕਾ ’ਚ ਇਤਿਹਾਸਕ ਤੌਰ ’ਤੇ ਉੱਚ ਮੁਦਰਾਸਫੀਤੀ ਨੂੰ ਕਾਬੂ ਕਰਨ ਲਈ ਅਮਰੀਕੀ ਕੇਂਦਰੀ ਬੈਂਕ ਹਮਲਾਵਰ ਤੌਰ ’ਤੇ ਵਿਆਜ ਦਰਾਂ ’ਚ ਵਾਧਾ ਕਰ ਰਿਹਾ ਹੈ। ਨਿਵੇਸ਼ ’ਚ ਇਸ ਗਿਰਾਵਟ ਨੇ ਭਾਰਤੀ ਸ਼ੇਅਰ ਬਾਜ਼ਾਰਾਂ ’ਚ ਨਿਵੇਸ਼ ਕਰਨ ਦੇ ਚਾਹਵਾਨ ਨਿਵੇਸ਼ਕਾਂ ਦਰਮਿਆਨ ਭਾਰਤੀ ਰੁਪਏ ਦੀ ਮੰਗ ’ਚ ਤੇਜ਼ੀ ਨਾਲ ਕਮੀ ਕੀਤੀ ਹੈ। ਇਨ੍ਹਾਂ ਦੋਵਾਂ ਪ੍ਰਵਿਰਤੀਆਂ ਦਾ ਨਤੀਜਾ ਇਹ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਮੰਗ ’ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋ ਰਿਹਾ ਹੈ। ਕੀ ਡਾਲਰ ਦੇ ਮੁਕਾਬਲੇ ਸਿਰਫ ਰੁਪਏ ’ਚ ਹੀ ਗਿਰਾਵਟ ਆਈ ਹੈ। ਅਜਿਹਾ ਨਹੀਂ ਹੈ ਕਿ ਯੂਰੋ ਅਤੇ ਜਾਪਾਨੀ ਯੇਨ ਸਮੇਤ ਸਾਰੀਆਂ ਮੁਦਰਾਵਾਂ ਦੇ ਮੁਕਾਬਲੇ ਡਾਲਰ ਮਜ਼ਬੂਤ ਹੋ ਰਿਹਾ ਹੈ। ਦਰਅਸਲ, ਯੂਰੋ ਵਰਗੀਆਂ ਕਈ ਮੁਦਰਾਵਾਂ ਦੇ ਮੁਕਾਬਲੇ ਰੁਪਏ ’ਚ ਤੇਜ਼ੀ ਆਈ ਹੈ।

ਭਾਰਤ ਦਾ ਕੇਂਦਰੀ ਬੈਂਕ ਆਰ. ਬੀ. ਆਈ. ਰੁਪਏ ਦੀ ਗਿਰਾਵਟ ਨੂੰ ਰੋਕਣ ਲਈ 100 ਅਰਬ ਡਾਲਰ ਦੀ ਰਕਮ ਹੋਰ ਖਰਚ ਕਰ ਸਕਦਾ ਹੈ। ਕੁਝ ਰਿਪੋਰਟਾਂ ਅਨੁਸਾਰ ਆਰ. ਬੀ. ਆਈ. ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦਾ ਛੇਵਾਂ ਹਿੱਸਾ ਵੇਚਣ ਲਈ ਤਿਆਰ ਹੈ, ਤਾਂ ਕਿ ਹਾਲ ਦੇ ਹਫਤਿਆਂ ’ਚ ਰੁਪਏ ’ਚ ਹੋ ਰਹੀ ਤੇਜ਼ ਗਿਰਾਵਟ ਤੋਂ ਬਚਿਆ ਜਾ ਸਕੇ। ਆਰ. ਬੀ. ਆਈ. ਦਾ ਮੁਦਰਾ ਭੰਡਾਰ ਜੋ ਸਤੰਬਰ ਦੀ ਸ਼ੁਰੂਆਤ ’ਚ 6,42,450 ਅਰਬ ਡਾਲਰ ਸੀ, ਇਸ ’ਚ ਹੁਣ ਤੱਕ 60 ਅਰਬ ਡਾਲਰ ਤੋਂ ਵੱਧ ਗਿਰਾਵਟ ਆਈ ਹੈ। ਇਹ ਘਾਟ ਕੁਝ ਹੱਦ ਤੱਕ ਵੱਡੇ ਪੱਧਰ ’ਤੇ ਰੁਪਏ ਦੀ ਵੱਡੀ ਗਿਰਾਵਟ ਨੂੰ ਰੋਕਣ ਲਈ ਕੀਤੀ ਗਈ ਡਾਲਰ ਦੀ ਵਿਕਰੀ ਦੇ ਕਾਰਨ ਹੋਈ ਹੈ ਪਰ ਇਸ ਕਮੀ ਦੇ ਬਾਵਜੂਦ, ਆਰ. ਬੀ. ਆਈ. ਕੋਲ 580 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ, ਜੋ ਦੁਨੀਆ ’ਚ ਪੰਜਵਾਂ ਸਭ ਤੋਂ ਵੱਡਾ ਹੈ। ਇਸ ਵਿਸ਼ਾਲ ਫਾਰੇਨ ਰਿਜ਼ਰਵ ਦੇ ਕਾਰਨ ਹੀ ਆਰ. ਬੀ. ਆਈ. ਰੁਪਏ ’ਚ ਆਉਣ ਵਾਲੀ ਤੇਜ਼ ਗਿਰਾਵਟ ਨੂੰ ਰੋਕਣ ਲਈ ਵੱਧ ਤਿਆਰ ਅਤੇ ਸਮਰੱਥ ਹੈ। ਰੁਪਏ ਦੀ ਹੋ ਰਹੀ ਗਿਰਾਵਟ ਵਿਸ਼ਵ ਪੱਧਰੀ ਹਾਲਤਾਂ ਦਾ ਨਤੀਜਾ ਹੈ। ਫੈਡਰਲ ਰਿਜ਼ਰਵ ਵੱਲੋਂ ਲਾਗੂ ਕੀਤੀਆਂ ਗਈਆਂ ਸਖਤ ਅਤੇ ਹਮਲਾਵਰ ਮੁਦਰਾ ਨੀਤੀਆਂ ਦੇ ਖਦਸ਼ੇ ਨਾਲ ਅਮਰੀਕੀ ਡਾਲਰ ਦੀ ਮੰਗ ਮਜ਼ਬੂਤ ਹੋਈ ਹੈ। ਇਸ ਨਾਲ ਨਿਵੇਸ਼ਕਾਂ ਵੱਲੋਂ ਡਾਲਰ ਦੇ ਮੁਕਾਬਲੇ ਵਧੇਰੇ ਕਰੰਸੀ ਦੀ ਬਿਕਵਾਲੀ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਵਿਦੇਸ਼ੀ ਮੁਦਰਾ ਪ੍ਰਵਾਹ ਵਧਾਉਣ ਲਈ ਕਈ ਉਪਾਅ ਕੀਤੇ ਹਨ। ਇਸ ’ਚ ਕੰਪਨੀਆਂ ਲਈ ਉਧਾਰੀ ਹੱਦ ਵਧਾਉਣਾ ਅਤੇ ਸਰਕਾਰੀ ਬਾਂਡ ’ਚ ਨਿਵੇਸ਼ ਲਈ ਨਿਯਮਾਂ ਨੂੰ ਉਦਾਰ ਬਣਾਉਣਾ ਸ਼ਾਮਲ ਹੈ। ਰੁਪਏ ਦਾ ਡਿੱਗਣਾ ਅਰਥ ਜਗਤ ’ਚ ਹੋਣ ਵਾਲੇ ਉਤਰਾਅ-ਚੜ੍ਹਾਅ ਦਾ ਹਿੱਸਾ ਹੈ। ਅਸੀਂ ਸਮਝੀਏ ਕਿ ਜਿਵੇਂ ਕੌਮਾਂਤਰੀ ਵਿੱਤੀ ਬਾਜ਼ਾਰਾਂ ’ਚ ਕੋਈ ਬਗਾਵਤ ਹੁੰਦੀ ਹੈ, ਲੋਕ ਡਾਲਰ ਵੱਲ ਭੱਜਦੇ ਹਨ ਅਤੇ ਡਾਲਰ ਦੀ ਮੰਗ ਵਧਦੀ ਹੈ। ਉਸ ਦਾ ਵੀ ਅਸਰ ਹੁੰਦਾ ਹੈ। ਕੁਝ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰਤ ਤੋਂ ਵਿਨਿਵੇਸ਼ ਕੀਤਾ ਜਿਸ ਕਾਰਨ ਸਟਾਕ ਮਾਰਕੀਟ ਡਿੱਗੀ ਅਤੇ ਇਸ ਕਾਰਨ ਕਾਫੀ ਪੈਸਾ ਬਾਹਰ ਚਲਾ ਗਿਆ।

ਸਾਨੂੰ ਚਿੰਤਾ ਹੈ ਕਿ ਰੁਪਏ ’ਚ ਆਈ ਗਿਰਾਵਟ ਦਾ ਇਕ ਸਿੱਧਾ ਅਸਰ ਉਨ੍ਹਾਂ ਵਿਦਿਆਰਥੀਆਂ ’ਤੇ ਵੀ ਪਵੇਗਾ ਜੋ ਪੜ੍ਹਾਈ ਲਈ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹਨ। ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਭਾਰਤੀ ਵਿਦਿਆਰਥੀਆਂ ਲਈ ਵਿਦੇਸ਼ਾਂ ’ਚ ਸਿੱਖਿਆ ਲੈ ਸਕਣੀ ਮਹਿੰਗੀ ਹੋ ਜਾਵੇਗੀ। ਜੋ ਵਿਦਿਆਰਥੀ ਪਹਿਲਾਂ ਹੀ ਵਿਦੇਸ਼ ’ਚ ਪੜ੍ਹਾਈ ਕਰਨ ਜਾ ਚੁੱਕੇ ਹਨ, ਉਨ੍ਹਾਂ ਦਾ ਖਰਚ ਵੀ ਰੁਪਏ ’ਚ ਆਈ ਗਿਰਾਵਟ ਨਾਲ ਵਧ ਗਿਆ ਹੈ। ਉਨ੍ਹਾਂ ਨੂੰ ਆਪਣੀ ਪੜ੍ਹਾਈ ਅਤੇ ਰਹਿਣ ਦਾ ਖਰਚ ਕੱਢਣ ਲਈ ਵੱਧ ਰੁਪਿਆਂ ਦੀ ਲੋੜ ਪੈ ਰਹੀ ਹੈ ਪਰ ਸਾਡੇ ਬਰਾਮਦਕਾਰਾਂ ਲਈ ਰੁਪਏ ਦਾ ਡਿੱਗਣਾ ਫਾਇਦੇ ਦਾ ਸੌਦਾ ਹੈ ਕਿਉਂਕਿ ਉਨ੍ਹਾਂ ਨੂੰ ਵਿਦੇਸ਼ੀ ਮੁਦਰਾ ਭੁਗਤਾਨ ਨੂੰ ਭਾਰਤੀ ਰੁਪਏ ’ਚ ਬਦਲਣ ’ਤੇ ਵੱਧ ਰਾਸ਼ੀ ਹਾਸਲ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਰੁਪਏ ’ਚ ਗਿਰਾਵਟ ਨਾਲ ਆਈ. ਟੀ. ਅਤੇ ਫਾਰਮਾ ਕੰਪਨੀਆਂ ਦੀ ਕਮਾਈ ’ਚ ਤੇਜ਼ੀ ਆਵੇਗੀ। ਡਾਲਰ ਦੇ ਸਾਹਮਣੇ ਹੁਣ ਦੇ ਮਾਹੌਲ ’ਚ ਰੁਪਏ ਦੇ ਨਾ ਟਿਕ ਸਕਣ ਦੇ ਕਾਰਨ ਸਮੇਂ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਹਨ। ਕਦੀ ਇਹ ਆਰਥਿਕ ਹਾਲਾਤ ਦਾ ਸ਼ਿਕਾਰ ਬਣਦਾ ਹੈ ਤਾਂ ਕਦੀ ਸਿਆਸੀ ਹਾਲਾਤ ਦਾ ਅਤੇ ਕਦੀ ਦੋਵਾਂ ਦਾ ਹੀ। ਕੁਲ ਮਿਲਾ ਕੇ ਰੁਪਏ ਦਾ ਡਿੱਗਣਾ ਇਕ ਅਸਥਾਈ ਗੱਲ ਹੈ ਅਤੇ ਆਉਣ ਵਾਲੇ ਦਿਨਾਂ ’ਚ ਪਾਏਦਾਰ ਆਰਥਿਕ ਨੀਤੀਆਂ ਨਾਲ ਇਹ ਸਥਿਰ ਵੀ ਹੋ ਸਕਦਾ ਹੈ।

ਡਾ. ਵਰਿੰਦਰ ਭਾਟੀਆ


Harinder Kaur

Content Editor

Related News