ਪੱਛਮੀ ਬੰਗਾਲ ’ਚ ਅਗਲੇ 3 ਸਾਲ ’ਚ 25-30 ਲੱਖ ਵਰਗ ਫੁਟ ਭੰਡਾਰਣ ਖੇਤਰ ਦਾ ਹੋਵੇਗਾ ਵਿਕਾਸ
Monday, Oct 19, 2020 - 07:01 PM (IST)
ਨਵੀਂ ਦਿੱਲੀ– ਪੱਛਮੀ ਬੰਗਾਲ ’ਚ ਅਗਲੇ 3 ਸਾਲ ਦੌਰਾਨ 25 ਤੋਂ 30 ਲੱਖ ਵਰਗ ਫੁੱਟ ਨਵਾਂ ਭੰਡਾਰਣ ਖੇਤਰ (ਗੋਦਾਮ) ਬਣੇਗਾ। ਰੀਅਲਟੀ ਖੇਤਰ ਦੀ ਸਲਾਹਕਾਰ ਵੈਸਟੀਅਨ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਈ-ਕਾਮਰਸ ਕੰਪਨੀਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ ’ਚ ਭੰਡਾਰਣ ਖੇਤਰ ’ਚ 750 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
ਅਮਰੀਕਾ ਦੀ ਰੀਅਲਟੀ ਖੇਤਰ ਦੀ ਸਲਾਹਕਾਰ ਰਿਪੋਰਟ ‘ਲੁਕਿੰਗ ਈਸਟ : ਵੇਅਰਹਾਊਸਿੰਗ ਇਨ ਕੋਲਕਾਤਾ’ ਵਿਚ ਕਿਹਾ ਗਿਆ ਹੈ ਕਿ ਕੋਲਕਾਤਾ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਚ ਫਿਲਹਾਲ 1.72 ਕਰੋੜ ਵਰਗ ਫੁੱਟ ਦਾ ਸੰਗਠਿਤ ਭੰਡਾਰਣ ਖੇਤਰ ਹੈ। ਇਹ ਦੇਸ਼ ਦੇ ਚੋਟੀ ਦੇ 8 ਸ਼ਹਿਰਾਂ ’ਚ ਕੁਲ ਗੋਦਾਮਾਂ ਦਾ ਕਰੀਬ 10 ਫੀਸਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਗਲੇ 18 ਤੋਂ 36 ਮਹੀਨੇ ਦੌਰਾਨ ਸੂਬੇ ’ਚ 750 ਕਰੋੜ ਰੁਪਏ ਦੇ ਨਿਵੇਸ਼ ਨਾਲ 25 ਤੋਂ 30 ਲੱਖ ਵਰਗ ਫੁਟ ਭੰਡਾਰਣ ਖੇਤਰ ਦਾ ਵਿਕਾਸ ਹੋਵੇਗਾ। ਇਸ ’ਚੋਂ 80 ਫੀਸਦੀ ਭੰਡਾਰਣ ਖੇਤਰ ਦੀ ਸਪਲਾਈ ਕੋਲਕਾਤਾ ਅਤੇ ਨੇੜੇ-ਤੇੜੇ ਦੇ ਇਲਾਕਿਆਂ ’ਤੇ ਕੇਂਦਰਿਤ ਹੋਵੇਗੀ। ਵੈਸਟੀਅਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.)-ਏ. ਪੀ. ਏ. ਸੀ. ਸ਼੍ਰੀਨਿਵਾਸ ਰਾਵ ਨੇ ਕਿ ਕੋਵਿਡ-19 ਸੰਕਟ ਇਕ ਮਹਾਮਾਰੀ ਹੈ, ਇਸ ਦੇ ਬਾਵਜੂਦ ਇਸ ਨੇ ਕਈ ਖੇਤਰਾਂ ਲਈ ਮੌਕੇ ਪੈਦਾ ਕੀਤੇ ਹਨ। ਇਨ੍ਹਾਂ ’ਚ ਦੇਸ਼ ਦਾ ਭੰਡਾਰਣ ਖੇਤਰ ਵੀ ਸ਼ਾਮਲ ਹੈ।