ਪੱਛਮੀ ਬੰਗਾਲ ''ਚ ''ਕਰਮ ਭੂਮੀ'' ਐਪ ਨਾਲ 8,000 ਆਈ. ਟੀ. ਪੇਸ਼ੇਵਰਾਂ ਨੂੰ ਮਿਲਿਆ ਰੋਜ਼ਗਾਰ
Sunday, Nov 29, 2020 - 10:29 AM (IST)
ਕੋਲਕਾਤਾ (ਭਾਸ਼ਾ) : ਕੋਵਿਡ-19 ਮਹਾਮਾਰੀ ਕਾਰਣ ਦੂਜੇ ਸਥਾਨਾਂ ਤੋਂ ਪੱਛਮੀ ਬੰਗਾਲ ਪਰਤੇ ਕਰੀਬ 8,000 ਸੂਚਨਾ ਤਕਨਾਲੌਜੀ (ਆਈ. ਟੀ.) ਪੇਸ਼ੇਵਰਾਂ ਨੂੰ ਰੋਜ਼ਗਾਰ ਮਿਲਿਆ ਹੈ। ਸੂਬੇ ਦੇ ਸੂਚਨਾ ਤਕਨਾਲੌਜੀ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬੇ ਦੇ ਆਈ. ਟੀ. ਵਿਭਾਗ ਨੇ ਹੋਰ ਸਥਾਨਾਂ ਤੋਂ ਪੱਛਮੀ ਬੰਗਾਲ ਪੇਸ਼ੇਵਰਾਂ ਨੂੰ ਰੋਜ਼ਗਾਰ ਲੱਭਣ 'ਚ ਮਦਦ ਲਈ 'ਕਰਮ ਭੂਮੀ' ਐਪ ਪੇਸ਼ ਕੀਤਾ ਹੈ। ਆਈ. ਟੀ. ਪੇਸ਼ੇਵਰ ਇਸ ਐਪ ਰਾਹੀਂ ਸੀਮਤ ਮਿਆਦ ਲਈ ਸੂਬੇ 'ਚ ਰੋਜ਼ਗਾਰ ਹਾਸਲ ਕਰ ਸਕਦੇ ਹਨ।
ਪੱਛਮੀ ਬੰਗਾਲ ਦੇ ਆਈ. ਟੀ. ਵਿਭਾਗ 'ਚ ਜੁਆਇੰਟ ਸਕੱਤਰ ਸੰਜੇ ਦਾਸ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਵੱਡੀ ਗਿਣਤੀ 'ਚ ਬਾਹਰ ਤੋਂ ਆਈ. ਟੀ. ਪੇਸ਼ੇਵਰ ਸੂਬੇ 'ਚ ਪਰਤ ਆਏ ਹਨ। ਦਾਸ ਨੇ ਬੰਗਾਲ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਸ਼ੁੱਕਰਵਾਰ ਰਾਤ ਨੂੰ ਆਯੋਜਿਤ ਇਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਇਹ ਪ੍ਰਤਿਭਾਵਾਂ ਦੇ ਇਸਤੇਮਾਲ ਦਾ ਚੰਗਾ ਮੌਕਾ ਹੈ। ਇਸੇ ਉਦੇਸ਼ ਨਾਲ ਅਸੀਂ ਐਪ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 41,000 ਪੇਸ਼ੇਵਰਾਂ ਅਤੇ 400 ਮਾਲਕਾਂ ਨੇ ਖੁਦ ਨੂੰ ਇਸ ਐਪ 'ਤੇ ਸੂਚੀਬੱਧ ਕੀਤਾ ਹੈ। ਦਾਸ ਨੇ ਦੱਸਿਆ ਕਿ ਇਸ ਐਪ ਰਾਹੀਂ 8,000 ਤੋਂ ਵੱਧ ਆਈ. ਟੀ. ਪੇਸ਼ੇਵਰਾਂ ਨੂੰ ਨੌਕਰੀਆਂ ਮਿਲੀਆਂ ਹਨ।