DGCA ਨੇ ਡਰੋਨ ਦੇ ਕੁਤਰੇ ਖੰਭ, ਤੁਹਾਨੂੰ 25 ਹਜ਼ਾਰ ''ਚ ਲੈਣਾ ਹੋਵੇਗਾ ਲਾਇਸੈਂਸ!

11/17/2018 3:54:20 PM

ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਡਰੋਨ ਉਡਾਣ ਦੇ ਨਿਯਮ ਸਖਤ ਕਰ ਦਿੱਤੇ ਹਨ। ਡਰੋਨ ਲਈ ਹੁਣ ਤੁਹਾਨੂੰ ਲਾਇਸੈਂਸ ਲੈਣਾ ਜ਼ਰੂਰੀ ਹੋਵੇਗਾ, ਨਾਲ ਹੀ ਟਰੇਨਿੰਗ ਲੈਣੀ ਵੀ ਲਾਜ਼ਮੀ ਕਰ ਦਿੱਤੀ ਗਈ ਹੈ। ਲਾਇਸੈਂਸ ਵੀ ਤਾਂ ਹੀ ਮਿਲੇਗਾ ਜੇਕਰ ਤੁਸੀਂ ਡੀ. ਜੀ. ਸੀ. ਏ. ਵੱਲੋਂ ਮਾਨਤਾ ਪ੍ਰਾਪਤ ਸੰਸਥਾ 'ਚ ਡਰੋਨ ਉਡਾਣ ਦੇ ਗੁਰ ਸਿਖੋਗੇ। ਸਭ ਤੋਂ ਪਹਿਲਾਂ ਯੂਜ਼ਰਸ ਨੂੰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਕੋਲੋਂ 'ਯੂਨੀਕ ਪਛਾਣ ਨੰਬਰ' (ਯੂ. ਆਈ. ਐੱਨ.) ਲੈਣਾ ਹੋਵੇਗਾ। ਇਸ ਲਈ ਯੂਜ਼ਰਸ ਨੂੰ ਪਾਸਪੋਰਟ, ਡਰਾਈਵਿੰਗ ਲਾਇੰਸੈਂਸ ਜਾਂ ਆਧਾਰ ਕਾਰਡ 'ਚੋਂ ਇਕ ਪਛਾਣ ਪੱਤਰ ਸਬਮਿਟ ਕਰਨਾ ਹੋਵੇਗਾ।
 

25 ਹਜ਼ਾਰ 'ਚ ਮਿਲੇਗਾ ਲਾਇਸੈਂਸ :
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਨਿਯਮਾਂ ਮੁਤਾਬਕ, 2 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੇ ਡਰੋਨ ਦਾ ਲਾਇਸੈਂਸ ਹੁਣ 25,000 ਰੁਪਏ 'ਚ ਮਿਲੇਗਾ। ਇੰਨਾ ਹੀ ਨਹੀਂ ਲਾਇਸੈਂਸ ਰੀਨਿਊ ਕਰਾਉਣ ਦੀ ਫੀਸ 10,000 ਰੁਪਏ ਲੱਗੇਗੀ। ਲਾਇਸੈਂਸ ਪ੍ਰਾਪਤ ਕਰਨ ਲਈ ਪਹਿਲਾਂ ਡੀ. ਜੀ. ਸੀ. ਏ. ਤੋਂ ਮਾਨਤਾ ਪ੍ਰਾਪਤ ਸੰਸਥਾ 'ਚ ਤੁਹਾਨੂੰ ਟਰੇਨਿੰਗ ਲੈਣੀ ਹੋਵੇਗੀ। ਡੀ. ਜੀ. ਸੀ. ਏ. ਨੇ ਅਜਿਹੇ ਨਿਯਮ ਬਣਾ ਕੇ ਉਨ੍ਹਾਂ ਡਰੋਨਾਂ ਦੇ ਖੰਭ ਕੁਤਰ ਦਿੱਤੇ ਹਨ, ਜੋ ਬਿਨਾਂ ਮਨਜ਼ੂਰੀ ਦੇ ਹਵਾ 'ਚ ਉਡਾਰੀ ਮਾਰਨ ਦੀ ਕੋਸ਼ਿਸ਼ 'ਚ ਸਨ। ਹਵਾਬਾਜ਼ੀ ਡਾਇਰੈਕਟੋਰੇਟ ਨੇ ਡਰੋਨ ਨੂੰ ਰਿਮੋਟਲੀ ਪਾਇਲਟ ਏਅਰਕ੍ਰਾਫਟ ਸਿਸਟਮ (ਆਰ. ਪੀ. ਏ. ਐੱਸ.) ਤਹਿਤ ਸ਼ਾਮਲ ਕੀਤਾ ਹੈ।

ਇਨ੍ਹਾਂ ਡਰੋਨ ਨੂੰ 5 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਸਭ ਤੋਂ ਛੋਟੀ ਸ਼੍ਰੇਣੀ 'ਚ 250 ਗ੍ਰਾਮ ਭਾਰ ਵਾਲਾ ਨੈਨੋ ਡਰੋਨ ਹੈ। ਇਸ ਦਾ ਇਸਤੇਮਾਲ ਖਿਡੌਣੇ ਦੇ ਰੂਪ 'ਚ ਹੁੰਦਾ ਹੈ। 250 ਗ੍ਰਾਮ ਤੋਂ ਲੈ ਕੇ 2 ਕਿਲੋ ਵਜ਼ਨੀ ਡਰੋਨ ਨੂੰ ਮਾਈਕਰੋ, 2 ਕਿਲੋ ਤੋਂ 25 ਕਿਲੋ ਨੂੰ ਸਮਾਲ, 25 ਤੋਂ 150 ਕਿਲੋ ਨੂੰ ਲਾਰਜ ਸ਼੍ਰੇਣੀ 'ਚ ਰੱਖਿਆ ਗਿਆ ਹੈ। ਜਿਹੜੇ ਲੋਕ ਇਨ੍ਹਾਂ ਡਰੋਨਸ ਨੂੰ ਚਲਾਉਣਾ ਚਾਹੁੰਦੇ ਹਨ ਉਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਜ਼ਰੂਰੀ ਹੈ, ਨਾਲ ਹੀ ਘੱਟੋ ਘੱਟ ਦਸਵੀਂ ਪਾਸ ਕੀਤੀ ਹੋਵੇ ਅਤੇ ਇੰਗਲਿਸ਼ ਵਿਸ਼ਾ ਵੀ ਪਾਸ ਹੋਣਾ ਜ਼ਰੂਰੀ ਹੈ।


Related News