ਵਾਲਮਾਰਟ ਨੇ ਜਾਪਾਨ ਦੀ ਸੁਪਰਮਾਰਕੀਟ ਸੇਯੁ ’ਚ ਜ਼ਿਆਦਾਤਰ ਹਿੱਸੇਦਾਰੀ ਵੇਚੀ
Monday, Nov 16, 2020 - 08:29 PM (IST)
ਟੋਕੀਓ –ਅਮਰੀਕਾ ਦੀ ਰਿਟੇਲਰ ਵਾਲਮਾਰਟ ਜਾਪਾਨ ’ਚ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਸੁਪਰਮਾਰਕੀਟ ਸੇਯੁ ’ਚ 85 ਫੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। ਇਹ ਸੌਦਾ ਕਰੀਬ 1.6 ਅਰਬ ਡਾਲਰ ਦਾ ਹੋਵੇਗਾ। ਬਾਕੀ 15 ਫੀਸਦੀ ਹਿੱਸੇਦਾਰੀ ਵਾਲਮਾਰਟ ਆਪਣੇ ਕੋਲ ਰੱਖੇਗੀ।
ਕੌਮਾਂਤਰੀ ਨਿਵੇਸ਼ ਕੰਪਨੀ ਕੇ. ਕੇ. ਆਰ. ਐਂਡ ਕੰਪਨੀ ਸੇਯੁ ’ਚ 65 ਫੀਸਦੀ ਹਿੱਸੇਦਾਰੀ ਖਰੀਦੇਗੀ। ਉਥੇ ਹੀ ਜਾਪਾਨ ਦੀ ਆਨਲਾਈਨ ਰਿਟੇਲਰ ਰਾਕੁਤੇਲ 20 ਫੀਸਦੀ ਹਿੱਸੇਦਾਰੀ ਦਾ ਐਕਵਾਇਰ ਕਰੇਗੀ। ਸੇਯੁ ਦੇ ਮੁਖੀ ਲਿਓਨੇਲ ਡੇਸ਼ਲੀ ਬਦਲਾਅ ਦੀ ਮਿਆਦ ਦੇ ਦੌਰਾਨ ਕੰਪਨੀ ਦੀ ਅਗਵਾਈ ਕਰਦੇ ਰਹਿਣਗੇ। ਉਸ ਤੋਂ ਬਾਅਦ ਉਹ ਵਾਲਮਾਰਟ ’ਚ ਨਵੀਂ ਭੂਮਿਕਾ ਸੰਭਾਲਣਗੇ। ਕੰਪਨੀਆਂ ਨੇ ਕਿਹਾ ਕਿ ਇਸ ਤੋਂ ਬਾਅਦ ਬੋਰਡ ਦਾ ਗਠਨ ਕੀਤਾ ਜਾਏਗਾ, ਜਿਸ ’ਚ ਕੇ. ਕੇ. ਆਰ, ਰਾਕੁਤੇਲ ਅਤੇ ਵਾਲਮਾਰਟ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਨਾਲ ਹੀ ਕੰਪਨੀ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੀ ਨਿਯੁਕਤੀ ਵੀ ਕੀਤੀ ਜਾਏਗੀ।