ਵਾਲਮਾਰਟ ਨੇ ਤੇਲੰਗਾਨਾ ''ਚ ਆਪਣਾ ਤੀਜਾ ਸਟੋਰ ਖੋਲ੍ਹਿਆ
Thursday, Jul 18, 2019 - 10:41 AM (IST)

ਹੈਦਰਾਬਾਦ—ਖੁਦਰਾ ਖੇਤਰ ਦੀ ਪ੍ਰਮੁੱਖ ਸੰਸਾਰਕ ਕੰਪਨੀ ਵਾਲਮਾਰਟ ਨੇ ਤੇਲੰਗਾਨਾ ਦੇ ਨਿਜ਼ਾਮਾਬਾਦ 'ਚ ਆਪਣਾ ਤੀਜਾ ਥੋਕ ਵਿਕਰੀ ਕੇਂਦਰ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੀ ਬੁੱਧਵਾਰ ਨੂੰ ਜਾਰੀ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਵਾਲਮਾਰਟ ਇੰਡੀਆ ਦੇ ਪ੍ਰਧਾਨ ਅਤੇ ਸੀ.ਈ.ਓ. ਕ੍ਰਿਸ਼ ਅਈਅਰ ਨੇ ਭਾਰਤ 'ਚ ਕੰਪਨੀ ਦੇ ਇਸ 26ਵੇਂ ਸਟੋਰ ਦਾ ਉਦਘਾਟਨ ਕੀਤਾ। ਸਟੋਰ ਨੂੰ 'ਬੈਸਟ ਪ੍ਰਾਈਸ ਮੋਡਰਨ ਹੋਲਸੇਲ ਸਟੋਰ' ਨਾਂ ਦਿੱਤਾ ਗਿਆ ਹੈ। ਖੁਦਰਾ ਖੇਤਰ ਦੀ ਇਸ ਪ੍ਰਮੁੱਖ ਕੰਪਨੀ ਦੀ ਇਸ ਸਾਲ ਵਾਰੰਗਲ 'ਚ ਆਪਣਾ ਤੇਲੰਗਾਨਾ ਦਾ ਚੌਥਾ ਸਟੋਰ ਖੋਲ੍ਹਣ ਦੀ ਯੋਜਨਾ ਹੈ। ਬੁਲੇਟਿਨ 'ਚ ਕਿਹਾ ਗਿਆ ਹੈ ਕਿ ਨਿਜ਼ਾਮਾਬਾਦ ਦਾ ਸਟੋਰ 50 ਹਜ਼ਾਰ ਵਰਗਫੁੱਟ ਖੇਤਰ 'ਚ ਫੈਲਿਆ ਹੈ ਅਤੇ ਇਸ ਦਾ ਸੂਬੇ ਦੀ ਅਰਥਵਿਵਸਥਾ 'ਚ ਵਰਣਨਯੋਗ ਯੋਗਦਾਨ ਹੋਵੇਗਾ। ਇਸ ਸਟੋਰ ਦੇ ਖੁੱਲ੍ਹਣ ਨਾਲ 2,000 ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰੱਤਖ ਰੂਪ ਨਾਲ ਰੁਜ਼ਗਾਰ ਪ੍ਰਾਪਤ ਹੋਵੇਗਾ।
ਕੰਪਨੀ ਨੇ ਕਿਹਾ ਕਿ ਇਸ ਸਟੋਰ ਦੇ ਖੁੱਲ੍ਹਣ ਨਾਲ ਸਥਾਨਕ ਛੋਟੇ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ। ਸਟੋਰ 'ਚ ਸਿੱਧੇ ਕਿਸਾਨਾਂ ਤੋਂ ਸਥਾਨਕ ਪੱਧਰ 'ਤੇ ਪਸੰਦ ਕੀਤੇ ਜਾਣ ਵਾਲੇ ਖਾਧ ਪਦਾਰਥ ਅਤੇ ਸਥਾਨਕ ਸਪਲਾਈਕਰਤਾਵਾਂ ਤੋਂ ਗੈਰ-ਖਾਧ ਉਤਪਾਦਨ ਲਏ ਜਾਣਗੇ ਅਤੇ ਇਸ ਸਟੋਰ ਦੇ ਥੋਕ ਮੈਂਬਰਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇਗਾ। ਕੰਪਨੀ ਦਾ ਭਾਰਤ 'ਚ ਇਹ 26ਵਾਂ ਸਟੋਰ ਹੈ। ਤੇਲੰਗਾਨਾ 'ਚ ਕੰਪਨੀ ਦਾ ਤੀਜਾ ਸਟੋਰ ਹੈ, ਚਾਰ ਮਹੀਨੇ ਪਹਿਲਾਂ ਹੀ ਕੰਪਨੀ ਨੇ ਕਰੀਮਨਗਰ 'ਚ ਦੂਜਾ ਸਟੋਰ ਖੋਲ੍ਹਿਆ ਸੀ।