ਸਪੈਕਟ੍ਰਮ ਨਿਲਾਮੀ ਕਰਾਉਣ ਦਾ ਇੰਤਜ਼ਾਰ ਜਲਦ ਹੋਣ ਜਾ ਰਿਹਾ ਹੈ ਖ਼ਤਮ

10/17/2020 9:09:46 PM

ਨਵੀਂ ਦਿੱਲੀ— ਦੂਰਸੰਚਾਰ ਵਿਭਾਗ ਨੇ ਸਪੈਕਟ੍ਰਮ ਦੀ ਨਿਲਾਮੀ ਕਰਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਅਨੁਸਾਰ ਦੂਰਸੰਚਾਰ ਵਿਭਾਗ ਨੇ ਇਸ ਲਈ ਕੈਬਨਿਟ ਨੋਟ ਵੀ ਜਾਰੀ ਕੀਤਾ ਹੈ। ਮੰਤਰੀ ਮੰਡਲ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਦੂਰਸੰਚਾਰ ਵਿਭਾਗ ਕੰਪਨੀਆਂ ਤੋਂ ਅਰਜ਼ੀਆਂ ਮੰਗਵਾਉਣਾ ਸ਼ੁਰੂ ਕਰ ਦੇਵੇਗਾ ਅਤੇ ਜਨਵਰੀ ਦੇ ਦੂਜੇ ਹਫ਼ਤੇ ਵਿੱਚ ਸਪੈਕਟ੍ਰਮ ਦੀ ਨਿਲਾਮੀ ਹੋ ਸਕਦੀ ਹੈ।

ਸਪੈਕਟ੍ਰਮ ਦੀ ਨਿਲਾਮੀ ਦੀ ਰਾਹ ਵੇਖ ਰਹੀਆਂ ਕੰਪਨੀਆਂ ਲਈ ਇਹ ਰਾਹਤ ਦੀ ਖ਼ਬਰ ਹੈ। ਸਪੈਕਟ੍ਰਮ ਦੀ ਆਖਰੀ ਨਿਲਾਮੀ 2016 ਵਿਚ ਕੀਤੀ ਗਈ ਸੀ।

ਟੈਲੀਕਾਮ ਕੰਪਨੀਆਂ ਪਿਛਲੇ 4 ਸਾਲਾਂ ਤੋਂ ਸਪੈਕਟ੍ਰਮ ਦੀ ਨਿਲਾਮੀ ਦਾ ਇੰਤਜ਼ਾਰ ਕਰ ਰਹੀਆਂ ਹਨ। ਹਾਲਾਂਕਿ ਸਰਕਾਰ ਨੇ ਫਰਵਰੀ ਮਹੀਨੇ ਵਿਚ ਸਪੈਕਟ੍ਰਮ ਦੀ ਨਿਲਾਮੀ ਕਰਨ ਦੀ ਯੋਜਨਾ ਬਣਾਈ ਸੀ ਪਰ ਕੋਰੋਨਾ ਕਾਰਨ ਇਸ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਹੁਣ ਸਰਕਾਰ ਇਕ ਵਾਰ ਫਿਰ ਸਪੈਕਟ੍ਰਮ ਦੀ ਨਿਲਾਮੀ ਦੀ ਤਿਆਰੀ ਕਰ ਰਹੀ ਹੈ, ਇਸ ਦੇ ਲਈ ਦੂਰਸੰਚਾਰ ਵਿਭਾਗ ਨੇ ਕੈਬਨਿਟ ਨੋਟ ਸਰਕੂਲੇਟ ਕੀਤਾ ਹੈ ਅਤੇ ਅਕਤੂਬਰ ਦੇ ਆਖਰੀ ਹਫ਼ਤੇ ਇਸ ਨੂੰ ਮਨਜ਼ੂਰੀ ਦੇਣੀ ਸੰਭਵ ਹੈ। ਸਪੈਕਟ੍ਰਮ ਦੀ ਨਿਲਾਮੀ ਜਨਵਰੀ ਦੇ ਦੂਜੇ ਹਫਤੇ ਵਿਚ ਕੀਤੀ ਜਾ ਸਕਦੀ ਹੈ।ਸਰਕਾਰ ਨੇ ਨਿਲਾਮੀ ਕਰਾਉਣ ਲਈ ਐੱਮ. ਐੱਮ. ਟੀ. ਸੀ. ਦੀ ਚੋਣ ਕੀਤੀ ਹੈ। ਸੂਤਰਾਂ ਮੁਤਾਬਕ, ਕੰਪਨੀ ਨੇ ਦੂਰਸੰਚਾਰ ਵਿਭਾਗ ਨੂੰ ਨਿਲਾਮੀ ਕਰਾਉਣ ਵਾਲੇ ਸਾਫਟਵੇਅਰ ਦਾ ਟ੍ਰਾਇਲ ਦਿਖਾ ਦਿੱਤਾ ਹੈ। ਕੰਪਨੀ ਨਿਲਾਮੀ ਕਰਾਉਣ ਲਈ ਪੂਰੀ ਤਰ੍ਹਾ ਤਿਆਰ ਹੈ।


Sanjeev

Content Editor

Related News