ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚੇਗਾ ਤਨਖਾਹ ਵਾਧਾ, ਇਸ ਸਾਲ 8.13 ਫੀਸਦੀ ਵਾਧੇ ਦੀ ਉਮੀਦ

Friday, May 13, 2022 - 12:59 PM (IST)

ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚੇਗਾ ਤਨਖਾਹ ਵਾਧਾ, ਇਸ ਸਾਲ 8.13 ਫੀਸਦੀ ਵਾਧੇ ਦੀ ਉਮੀਦ

ਮੁੰਬਈ (ਭਾਸ਼ਾ) – ਦੇਸ਼ ਦੇ ਕੋਵਿਡ-19 ਮਹਾਮਾਰੀ ਨਾਲ ਸਬੰਧਤ ਰੁਕਾਵਟਾਂ ਤੋਂ ਉਭਰਨ ਦੇ ਨਾਲ ਇਸ ਸਾਲ ਔਸਤ ਤਨਖਾਹ ਵਾਧਾ ਲਗਭਗ 8.13 ਫੀਸਦੀ ਰਹਿ ਸਕਦਾ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਟੀਮਲੀਜ਼ ਦੀ ਵਿੱਤੀ ਸਾਲ 2021-22 ਲਈ ‘ਦਿ ਜੌਬਸ ਐਂਡ ਸੈਲਰੀ ਪ੍ਰਾਈਮਰ ਰਿਪੋਰਟ’ ਮੁਤਾਬਕ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਸਾਲ ਲਗਭਗ ਸਾਰੇ ਖੇਤਰਾਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਾਲਾਨਾ ਤਨਖਾਹ ’ਚ ਵਾਧਾ ਹੋ ਸਕਦਾ ਹੈ।

ਹਾਲਾਂਕਿ ਤਨਖਾਹ ਵਾਧਾ ਸੀਮਤ ਰਹੇਗਾ। ਰਿਪੋਰਟ ’ਚ 17 ਖੇਤਰਾਂ ਦੀ ਸਮੀਖਿਆ ਕੀਤੀ ਗਈ ਹੈ, ਜਿਸ ’ਚੋਂ 14 ਖੇਤਰਾਂ ਨੇ ਤਨਖਾਹ ’ਚ 10 ਫੀਸਦੀ ਤੋਂ ਘੱਟ ਦੇ ਵਾਧੇ ਦੀ ਸੰਭਾਵਨਾ ਪ੍ਰਗਟਾਈ ਹੈ। ਉੱਥੇ ਹੀ ਔਸਤ ਤਨਖਾਹ ਵਾਧਾ 8.13 ਫੀਸਦੀ ਰਹਿਣ ਦਾ ਅਨੁਮਾਨ ਹੈ। ਇਹ ਟੀਮਲੀਜ਼ ਸਰਵਿਸਿਜ਼ ਦੀ ਇਕ ਸਾਲਾਨਾ ਰਿਪੋਰਟ ਹੈ, ਜਿਸ ’ਚ 17 ਖੇਤਰਾਂ ਅਤੇ 9 ਸ਼ਹਿਰਾਂ ’ਚ 2,63,000 ਤੋਂ ਵੱਧ ਕਰਮਚਾਰੀਆਂ ਦੇ ਤਨਖਾਹ ਭੁਗਤਾਨ ਨੂੰ ਧਿਆਨ ’ਚ ਰੱਖਿਆ ਗਿਆ ਹੈ।

ਤਨਖਾਹ ਕਟੌਤੀ ਦਾ ਦੌਰ ਹੋਇਆ ਖਤਮ

ਰਿਪੋਰਟ ਮੁਤਾਬਕ ਭੂਗੋਲਿਕ ਆਧਾਰ ’ਤੇ ਸਭ ਤੋਂ ਜ਼ਿਆਦਾ ਤਨਖਾਹ ਵਾਧਾ (12 ਫੀਸਦੀ ਅਤੇ ਉਸ ਤੋਂ ਵੱਧ) ਦੇਣ ਵਾਲੇ ਸ਼ਹਿਰਾਂ ’ਚ ਅਹਿਮਦਾਬਾਦ, ਬੇਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਮੁੰਬਈ ਅਤੇ ਪੁਣੇ ਸ਼ਾਮਲ ਹਨ। ਇਸ ਤੋਂ ਇਲਾਵਾ ਤਨਖਾਹ ’ਚ ਸਾਲਾਨਾ ਆਧਾਰ ’ਤੇ ਸਭ ਤੋਂ ਜ਼ਿਆਦਾ ਵਾਧਾ (10 ਫੀਸਦੀ ਤੋਂ ਵੱਧ) ਈ-ਕਾਮਰਸ ਅਤੇ ਤਕਨਾਲੋਜੀ ਸਟਾਰਟਅਪ, ਸਿਹਤ ਅਤੇ ਸੂਚਨਾ ਤਕਨਾਲੋਜੀ ਵਰਗੇ ਖੇਤਰਾਂ ’ਚ ਹੋਣ ਦੀ ਸੰਭਾਵਨਾ ਹੈ।

ਟੀਮਲੀਜ਼ ਸਰਵਿਸਿਜ਼ ਦੀ ਸਹਿ-ਸੰਸਥਾਪਕ ਅਤੇ ਕਾਰਜਕਾਰੀ ਉੱਪ-ਪ੍ਰਧਾਨ ਰਿਤੁਪਰਣਾ ਚੱਕਰਵਰਤੀ ਨੇ ਕਿਹਾ ਕਿ ਹਾਲਾਂਕਿ ਤਨਖਾਹ ਵਾਧਾ ਹਾਲੇ 10 ਫੀਸਦੀ ਤੋਂ ਘੱਟ ਹੈ ਪਰ ਚੰਗੀ ਗੱਲ ਇਹ ਹੈ ਕਿ ਹੁਣ ਤਨਖਾਹ ਕਟੌਤੀ ਦਾ ਦੌਰ ਖਤਮ ਹੋ ਗਿਆ ਹੈ। ਰਿਵਾਈਵਲ ਨਾਲ ਵੱਖ-ਵੱਖ ਖੇਤਰਾਂ ’ਚ ਮੰਗ ਵਧਣ ਨਾਲ ਤਨਖਾਹ ਵਾਧਾ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚਣ ਵੱਲ ਹੈ।


author

Harinder Kaur

Content Editor

Related News