ਵਿਸਤਾਰਾ ਦੀ ਫਲਾਈਟ 'ਚ ਹੁਣ ਜਲਦ ਲੈ ਸਕੋਗੇ WI-FI ਦਾ ਮਜ਼ਾ
Wednesday, Feb 19, 2020 - 03:40 PM (IST)
ਨਵੀਂ ਦਿੱਲੀ— ਹਵਾਈ ਜਹਾਜ਼ 'ਚ ਸਫਰ ਦੌਰਾਨ ਇੰਟਰਨੈੱਟ ਬ੍ਰਾਊਜ਼ ਕਰਨ ਤੇ ਕਾਲ ਕਰਨ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਜਲਦ ਹੀ ਤੁਸੀਂ ਵਿਸਤਾਰਾ ਦੀ ਫਲਾਈਟ 'ਚ ਵਾਈ-ਫਾਈ ਦਾ ਮਜ਼ਾ ਲੈ ਸਕੋਗੇ। ਟਾਟਾ ਗਰੁੱਪ ਤੇ ਸਿੰਗਾਪੁਰ ਏਅਰਲਾਈਨ ਦੀ ਸਾਂਝੀ ਕੰਪਨੀ ਵਿਸਤਾਰਾ ਭਾਰਤ 'ਚ ਇਨ ਫਲਾਈਟ ਯਾਨੀ ਜਹਾਜ਼ 'ਚ ਸਫਰ ਦੌਰਾਨ ਵਾਈ-ਫਾਈ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਪਹਿਲੀ ਏਅਰਲਾਈਨ ਹੋ ਸਕਦੀ ਹੈ।
ਬੁੱਧਵਾਰ ਨੂੰ ਟਾਟਾ ਗਰੁੱਪ ਦੀ ਨੈਲਕੋ ਤੇ ਪੈਨਾਸੋਨਿਕ ਏਵੀਓਨਿਕਸ ਕਾਰਪੋਰੇਸ਼ਨ ਨੇ ਭਾਰਤ 'ਚ ਇਨ-ਫਲਾਈਟ ਬ੍ਰਾਡਬੈਂਡ ਸੇਵਾਵਾਂ ਦੇਣ ਲਈ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਸਰਵਿਸ ਦੇ ਲਾਂਚ ਹੋਣ ਨਾਲ ਤੁਸੀਂ ਭਾਰਤੀ ਹਵਾਈ ਖੇਤਰ 'ਚ ਉਡਾਣ ਦੌਰਾਨ ਵਾਈ-ਫਾਈ ਦਾ ਇਸਤੇਮਾਲ ਕਰ ਸਕੋਗੇ।
ਹੁਣ ਤੱਕ ਭਾਰਤੀ ਹਵਾਈ ਖੇਤਰ 'ਚ ਦਾਖਲ ਹੋਣ 'ਤੇ ਫਲਾਈਟ 'ਚ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਨੂੰ ਮਨਜ਼ੂਰੀ ਨਹੀਂ ਸੀ। ਦਸੰਬਰ 2018 'ਚ ਦੂਰਸੰਚਾਰ ਵਿਭਾਗ ਨੇ ਫਲਾਈਟ ਕੁਨੈਕਟੀਵਿਟੀ ਨਿਯਮਾਂ ਨੂੰ ਸੂਚਿਤ ਕੀਤਾ ਸੀ। ਇਹ ਵੀ ਦੱਸਣਯੋਗ ਹੈ ਕਿ ਅਮੀਰਾਤ, ਜੈਟ ਬਲਿਊ, ਨਾਰਵੇਜ਼ੀਅਨ ਤੇ ਤੁਰਕਿਸ਼ ਏਅਰਲਾਈਨਸ ਉਹ ਕੌਮਾਂਤਰੀ ਕੰਪਨੀਆਂ ਹਨ ਜੋ ਪਹਿਲਾਂ ਹੀ ਇਹ ਸਰਵਿਸ ਮੁਫਤ ਦੇ ਰਹੀਆਂ ਹਨ ਪਰ ਇਨ੍ਹਾਂ ਨੂੰ ਭਾਰਤ ਦੇ ਹਵਾਈ ਖੇਤਰ 'ਚ ਇਹ ਸੇਵਾ ਬੰਦ ਕਰਨੀ ਪੈਂਦੀ ਹੈ।
ਨਿਯਮਾਂ ਮੁਤਾਬਕ, ਭਾਰਤੀ ਹਵਾਈ ਖੇਤਰ 'ਚ ਵਾਈ-ਫਾਈ ਸੇਵਾਵਾਂ ਦੇਣ ਲਈ ਜਹਾਜ਼ ਕੰਪਨੀ ਨੂੰ ਟੈਲੀਕਾਮ ਕੰਪਨੀ ਨਾਲ ਸਮਝੌਤਾ ਕਰਨਾ ਜ਼ਰੂਰੀ ਹੈ। ਉੱਥੇ ਹੀ, ਨੈਲਕੋ ਦੇ ਐੱਮ. ਡੀ. ਨੇ ਕਿਹਾ, ''ਸਾਨੂੰ ਖੁਸ਼ੀ ਹੈ ਕਿ ਨੈਲਕੋ ਦੇਸ਼ 'ਚ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਇਨ-ਫਲਾਈਟ ਕੁਨੈਕਟੀਵਿਟੀ ਸੇਵਾਵਾਂ ਪ੍ਰਦਾਨ ਕਰਨ 'ਚ ਮੋਹਰੀ ਬਣਨ ਜਾ ਰਹੀ ਹੈ। ਵਿਸਤਾਰਾ ਇਸ ਸਰਵਿਸ ਲਈ ਸਮਝੌਤਾ ਕਰਨ ਵਾਲੀ ਪਹਿਲੀ ਏਅਰਲਾਈਨ ਹੈ।''